#INDIA

ਸਰਕਾਰ ਦੀ ਘੂਰੀ ਤੋਂ ਬਾਅਦ Google ਵੱਲੋਂ ਆਪਣੇ ਪਲੇਅ ਸਟੋਰ ‘ਤੇ ਭਾਰਤੀ ਐਪਸ ਬਹਾਲ

ਨਵੀਂ ਦਿੱਲੀ, 2 ਮਾਰਚ (ਪੰਜਾਬ ਮੇਲ)- ਕੇਂਦਰ ਸਰਕਾਰ ਦੀ ਘੂਰੀ ਤੋਂ ਬਾਅਦ ਗੂਗਲ ਨੇ ਅੱਜ ਆਪਣੇ ਪਲੇਅ ਸਟੋਰ ਤੋਂ ਹਟਾਏ ਭਾਰਤੀ ਡਿਜੀਟਲ ਕੰਪਨੀਆਂ ਦੇ ਕੁਝ ਐਪਸ ਨੂੰ ਬਹਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਕੁਝ ਐਪਸ ਜਿਵੇਂ ਸ਼ਾਦੀ ਡਾਟ ਕਾਮ, ਇਨਫੋ ਐਜ’ਜ਼ ਨੌਕਰੀ, 99 ਏਕੜ ਅਤੇ ਨੌਕਰੀ ਗਲਫ ਅਤੇ ਹੋਰਾਂ ਨੂੰ ਬਹਾਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਗੂਗਲ ਵੱਲੋਂ ਆਪਣੇ ਪਲੇਅ ਸਟੋਰ ਤੋਂ ਕੁਝ ਭਾਰਤੀ ਐਪਾਂ ਨੂੰ ਹਟਾਉਣ ‘ਤੇ ਸਰਕਾਰ ਨੇ ਸਖ਼ਤ ਰੁਖ਼ ਅਪਣਾਇਆ ਸੀ ਅਤੇ ਕਿਹਾ ਸੀ ਕਿ ਭਾਰਤੀ ਐਪਸ ਨੂੰ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਆਈ.ਟੀ. ਅਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਟਾਰਟਅੱਪ ਭਾਰਤੀ ਅਰਥਵਿਵਸਥਾ ਦੀ ਕੁੰਜੀ ਹਨ ਅਤੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਿਸੇ ਵੱਡੀ ਤਕਨਾਲੋਜੀ ਕੰਪਨੀ ‘ਤੇ ਨਹੀਂ ਛੱਡਿਆ ਜਾ ਸਕਦਾ। ਮੰਤਰੀ ਦੀਆਂ ਟਿੱਪਣੀਆਂ ਇਸ ਲਈ ਅਹਿਮ ਹਨ ਕਿਉਂਕਿ ਗੂਗਲ ਨੇ ਸ਼ੁੱਕਰਵਾਰ ਨੂੰ ਸਰਵਿਸ ਚਾਰਜ ਦੇ ਭੁਗਤਾਨ ਦੇ ਵਿਵਾਦ ਕਾਰਨ ਭਾਰਤ ਵਿਚ ਆਪਣੇ ਪਲੇਅ ਸਟੋਰ ਤੋਂ ਪ੍ਰਸਿੱਧ ‘ਮੈਟਰੀਮੋਨੀ’ ਐਪ ਸਮੇਤ ਕੁਝ ਐਪਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਐਪਸ ਅਤੇ ਜਾਣੇ-ਪਛਾਣੇ ਸਟਾਰਟਅਪ ਫਾਊਂਡਰਜ਼ ਨੇ ਇਸ ‘ਤੇ ਇਤਰਾਜ਼ ਜਤਾਇਆ ਸੀ।