#Cricket #SPORTS

ਸਮੋਆ ਦੇ ਬੱਲੇਬਾਜ਼ ਨੇ ਇਕ ਓਵਰ ‘ਚ 39 ਦੌੜਾਂ ਬਣਾ ਕੇ ਤੋੜਿਆ ਯੁਵਰਾਜ ਦਾ 17 ਸਾਲ ਪੁਰਾਣਾ ਰਿਕਾਰਡ

ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)- ਸਮੋਆ ਦੇ ਮੱਧਕ੍ਰਮ ਦੇ ਬੱਲੇਬਾਜ਼ ਡੇਰਿਅਸ ਵਿਸਰ ਨੇ ਅੱਜ ਰਾਜਧਾਨੀ ਅਪੀਆ ਵਿਚ ਟੀ-20 ਵਿਸ਼ਵ ਕੱਪ ਈਸਟ ਏਸ਼ੀਆ ਪੈਸੀਫਿਕ ਜ਼ੋਨ ਕੁਆਲੀਫਾਇਰ ਵਿਚ ਵੈਨੂਆਟੂ ਖ਼ਿਲਾਫ਼ ਇੱਕ ਓਵਰ ਵਿਚ 39 ਦੌੜਾਂ ਬਣਾ ਕੇ ਟੀ-20 ਕੌਮਾਂਤਰੀ ਕ੍ਰਿਕਟ ਵਿਚ ਨਵਾਂ ਰਿਕਾਰਡ ਬਣਾਇਆ। ਇਸ ਨਾਲ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਦਾ 17 ਸਾਲ ਪਹਿਲਾਂ ਬਣਾਇਆ ਰਿਕਾਰਡ ਟੁੱਟ ਗਿਆ। ਵਿਸਰ ਨੇ ਤੇਜ਼ ਗੇਂਦਬਾਜ਼ ਨਲਿਨ ਨਿਪਿਕੋ ਦੇ ਇੱਕ ਓਵਰ ਵਿਚ ਛੇ ਛੱਕੇ ਜੜੇ। ਇਸ ਓਵਰ ਵਿਚ ਤਿੰਨ ਨੋ ਬਾਲ ਵੀ ਸ਼ਾਮਲ ਸਨ, ਜਿਸ ਨਾਲ ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ ਇੱਕ ਓਵਰ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਬਣ ਗਿਆ। ਇਸ 28 ਸਾਲਾ ਬੱਲੇਬਾਜ਼ ਦਾ ਇਹ ਸਿਰਫ਼ ਤੀਜਾ ਟੀ-20 ਮੈਚ ਸੀ। ਉਸ ਨੇ 62 ਗੇਂਦਾਂ ਵਿਚ ਪੰਜ ਚੌਕਿਆਂ ਅਤੇ 14 ਛੱਕਿਆਂ ਦੀ ਮਦਦ ਨਾਲ 132 ਦੌੜਾਂ ਬਣਾਈਆਂ। ਟੀ-20 ਆਈ ਓਵਰ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਪਿਛਲਾ ਰਿਕਾਰਡ 36 ਦਾ ਸੀ, ਜਿਸ ਵਿਚ ਭਾਰਤ ਦੇ ਯੁਵਰਾਜ ਸਿੰਘ, ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਅਤੇ ਨੇਪਾਲ ਦੇ ਆਲਰਾਊਂਡਰ ਦੀਪੇਂਦਰ ਸਿੰਘ ਐਰੀ ਨੇ ਇੱਕ ਓਵਰ ਵਿਚ ਛੇ ਛੱਕੇ ਜੜੇ ਸਨ। ਯੁਵਰਾਜ ਨੇ 2007 ਦੇ ਟੀ-20 ਵਿਸ਼ਵ ਕੱਪ ਮੈਚ ਵਿਚ ਇੰਗਲੈਂਡ ਦੇ ਸਟੂਅਰਟ ਬ੍ਰਾਡ ਨੂੰ ਇੱਕ ਓਵਰ ਵਿਚ ਛੇ ਛੱਕੇ ਜੜੇ, ਪੋਲਾਰਡ ਨੇ 2021 ਵਿਚ ਸ੍ਰੀਲੰਕਾ ਦੇ ਅਕੀਲਾ ਦਾਨੰਜਯਾ ਦੀਆਂ ਗੇਂਦਾਂ ਕੁੱਟੀਆਂ। ਐਰੀ ਅਪਰੈਲ ਵਿਚ ਇਹ ਉਪਲਬਧੀ ਹਾਸਲ ਕਰਨ ਵਾਲਾ ਤੀਜਾ ਬੱਲੇਬਾਜ਼ ਬਣ ਗਿਆ।