#PUNJAB

ਸਮਰਾਲਾ ਨੇੜੇ ਸਕਾਰਪੀਓ ਨਾਲ ਟੱਕਰ ਮਗਰੋਂ ਫਾਰਚੂਨਰ ਨੂੰ ਅੱਗ ਲੱਗਣ ਕਾਰਨ ਏ.ਸੀ.ਪੀ. ਤੇ ਗੰਨਮੈਨ ਦੀ ਮੌਤ

ਲੁਧਿਆਣਾ, 6 ਅਪ੍ਰੈਲ (ਪੰਜਾਬ ਮੇਲ)- ਸਮਰਾਲਾ ਦੇ ਪਿੰਡ ਦਿਆਲਪੁਰਾ ਨੇੜੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ‘ਤੇ ਬੀਤੀ ਰਾਤ ਪੁਲਿਸ ਅਧਿਕਾਰੀ ਦੀ ਫਾਰਚੂਨਰ ਅਤੇ ਸਾਹਮਣੇ ਤੋਂ ਆ ਰਹੀ ਸਕਾਰਪੀਓ ਵਿਚਾਲੇ ਜ਼ੋਰਦਾਰ ਟੱਕਰ ਕਾਰਨ ਲੁਧਿਆਣਾ ਈਸਟ ਦੇ ਏ.ਸੀ.ਪੀ. ਸੰਦੀਪ ਸਿੰਘ ਤੇ ਉਨ੍ਹਾਂ ਦੇ ਗੰਨਮੈਨ ਪਰਮਜੋਤ ਸਿੰਘ ਦੀ ਮੌਤ ਹੋ ਗਈ, ਜਦਕਿ ਫਾਰਚੂਨਰ ਦੇ ਡਰਾਈਵਰ ਨੂੰ ਗੰਭੀਰ ਹਾਲਤ ‘ਚ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਏ.ਸੀ.ਪੀ. ਸੰਦੀਪ ਸਿੰਘ ਦੇਰ ਰਾਤ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸਨ। ਰਾਤ 12.30 ਵਜੇ ਹਾਦਸਾ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਨੂੰ ਅੱਗ ਲੱਗ ਗਈ ਅਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਵੀ ਮਦਦ ਲਈ ਅਤੇ ਬੜੀ ਮੁਸ਼ਕਲ ਗੱਡੀ ਵਿਚੋਂ ਉਨ੍ਹਾਂ ਨੂੰ ਬਾਹਰ ਕੱਢ ਕੇ ਗੰਭੀਰ ਹਾਲਤ ਵਿਚ ਸਮਰਾਲਾ ਦੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਨੇ ਏ.ਸੀ.ਪੀ. ਸੰਦੀਪ ਸਿੰਘ ਅਤੇ ਗੰਨਮੈਨ ਨੂੰ ਮ੍ਰਿਤਕ ਐਲਾਨ ਦਿੱਤਾ।