#AMERICA

ਸਪੇਸ ਸਟੇਸ਼ਨ ‘ਚ ਫਸੇ ਬੁੱਚ ਤੇ ਸੁਨੀਤਾ ਵਿਲੀਅਮਜ਼ ਦਾ ਖ਼ਤਮ ਹੋ ਰਿਹਾ ਭੋਜਨ!

-ਫਰਵਰੀ ਤੱਕ ਵਾਪਸ ਆਉਣ ਦੀ ਉਮੀਦ
ਵਾਸ਼ਿੰਗਟਨ, 20 ਨਵੰਬਰ (ਪੰਜਾਬ ਮੇਲ)- ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਕੁਝ ਸਮਾਂ ਪਹਿਲਾਂ ਇੱਕ ਤਸਵੀਰ ਸਾਹਮਣੇ ਆਈ ਸੀ, ਜਿਸ ‘ਚ ਉਹ ਕਾਫੀ ਕਮਜ਼ੋਰ ਨਜ਼ਰ ਆ ਰਹੀ ਸੀ। ਡਾਕਟਰਾਂ ਨੇ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਸੀ। ਹਾਲਾਂਕਿ ਨਾਸਾ ਨੇ ਉਨ੍ਹਾਂ ਦੀ ਖਰਾਬ ਸਿਹਤ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਸੀ ਪਰ ਤਸਵੀਰਾਂ ਨੇ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਫਸੇ ਹੋਏ ਹਨ।
ਨਿਊਯਾਰਕ ਪੋਸਟ ਨੇ ਦੱਸਿਆ ਕਿ ਨਾਸਾ ਦੇ ਪੁਲਾੜ ਯਾਤਰੀ ਸਪੇਸ ਸਟੇਸ਼ਨ ‘ਤੇ ਪੀਜ਼ਾ, ਰੋਸਟ ਚਿਕਨ ਅਤੇ ਝੀਂਗਾ ਕਾਕਟੇਲ ਖਾ ਕੇ ਗੁਜ਼ਾਰਾ ਕਰ ਰਹੇ ਹਨ। ਹਾਲਾਂਕਿ, ਬੋਇੰਗ ਸਟਾਰਲਾਈਨਰ ਮਿਸ਼ਨ ਦੀ ਜਾਣਕਾਰੀ ਵਾਲੇ ਇੱਕ ਸਰੋਤ ਨੇ ਕਿਹਾ ਹੈ ਕਿ ਦੋਵਾਂ ਪੁਲਾੜ ਯਾਤਰੀਆਂ ਕੋਲ ਸੀਮਤ ਮਾਤਰਾ ਵਿਚ ਤਾਜ਼ਾ ਭੋਜਨ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਕੋਲ ਖਾਣ ਲਈ ਕਈ ਤਰ੍ਹਾਂ ਦੇ ਪਕਵਾਨ ਹਨ। ਇਸ ਸੂਚੀ ਵਿਚ ਪਾਊਡਰ ਦੁੱਧ ਦੇ ਨਾਲ ਅਨਾਜ, ਪੀਜ਼ਾ, ਭੁੰਨਿਆ ਚਿਕਨ, ਝੀਂਗਾ ਕਾਕਟੇਲ ਅਤੇ ਟੁਨਾ ਸ਼ਾਮਲ ਹੈ। ਇਸ ਦੇ ਬਾਵਜੂਦ, ਡਾਕਟਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਪੁਲਾੜ ਯਾਤਰੀ ਨੂੰ ਲੋੜੀਂਦੀ ਕੈਲੋਰੀ ਮਿਲ ਰਹੀ ਹੈ ਜਾਂ ਨਹੀਂ। ਹਾਲਾਂਕਿ, ਨਾਸਾ ਦੁਆਰਾ ਜਾਰੀ ਕੀਤੀ ਗਈ ਤਸਵੀਰ ਵਿਚ, ਕੁਝ ਭੋਜਨ ਉਤਪਾਦਾਂ ਨੂੰ ਦਿਖਾਇਆ ਗਿਆ ਸੀ। ਦੋਵੇਂ ਪੁਲਾੜ ਯਾਤਰੀਆਂ ਨੂੰ 9 ਸਤੰਬਰ ਨੂੰ ਆਈ.ਐੱਸ.ਐੱਸ. ‘ਤੇ ਖਾਣਾ ਖਾਂਦੇ ਦੇਖਿਆ ਗਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਨਾਸਾ ਫਸੇ ਹੋਏ ਪੁਲਾੜ ਯਾਤਰੀਆਂ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਹੁਣ ਉਨ੍ਹਾਂ ਦੇ ਸਪੇਸਐਕਸ ਕਰੂ ਡਰੈਗਨ ਕੈਪਸੂਲ ਵਿਚ ਧਰਤੀ ‘ਤੇ ਵਾਪਸ ਆਉਣ ਦੀ ਉਮੀਦ ਹੈ। ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਐਲੋਨ ਮਸਕ ਦੇ ਡਰੈਗਨ ਕੈਪਸੂਲ ਦੀ ਵਰਤੋਂ ਕੀਤੀ ਜਾਵੇਗੀ। ਇਹ ਕੈਪਸੂਲ ਫਰਵਰੀ ੱਿਚ ਸਟਾਰਲਾਈਨਰ ਚਾਲਕ ਦਲ ਨੂੰ ਬਚਾਏਗਾ।