ਬਰਲਿਨ, 15 ਜੁਲਾਈ (ਪੰਜਾਬ ਮੇਲ)- ਸਪੇਨ ਨੇ ਬਰਲਿਨ ਦੇ ਓਲੰਪੀਆ ਸਟੇਡੀਅਮ ’ਚ ਐਤਵਾਰ ਦੇਰ ਰਾਤ ਖੇਡੇ ਗਏ ਫਾਈਨਲ ਵਿਚ ਇੰਗਲੈਂਡ ਨੂੰ 2-1 ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਸਪੇਨ ਨੇ ਰਿਕਾਰਡ ਚੌਥੀ ਵਾਰ ਯੂਰੋ ਕੱਪ ਫੁਟਬਾਲ ਖਿਤਾਬ ਜਿੱਤਿਆ ਹੈ। ਇਸ ਨਾਲ ਸਪੇਨ ਸਭ ਤੋਂ ਵੱਧ ਚਾਰ ਵਾਰ ਯੂਰੋ ਕੱਪ ਦਾ ਖਿਤਾਬ ਜਿੱਤਣ ਵਾਲੀ ਟੀਮ ਬਣ ਗਈ ਹੈ। 90 ਮਿੰਟ ਤੱਕ ਚੱਲੇ ਮੈਚ ਵਿੱਚ ਸਪੇਨ ਲਈ ਨਿਕੋ ਵਿਲੀਅਮਜ਼ (47ਵੇਂ ਮਿੰਟ) ਅਤੇ ਬਦਲਵੇਂ ਖਿਡਾਰੀ ਮਿਕੇਲ ਓਅਰਜ਼ਾਬਲ (86ਵੇਂ ਮਿੰਟ) ਨੇ ਗੋਲ ਕੀਤੇ। ਇਸ ਦੇ ਨਾਲ ਹੀ ਇੰਗਲੈਂਡ ਲਈ ਇਕਮਾਤਰ ਗੋਲ ਕੋਲ ਪਾਮਰ (73ਵੇਂ ਮਿੰਟ) ਨੇ ਕੀਤਾ। ਯੂਰੋ ਕੱਪ ਫਾਈਨਲ ਵਿੱਚ ਇੰਗਲੈਂਡ ਦੀ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ 2020 ’ਚ ਯੂਰੋ ਕੱਪ ਦੇ ਫਾਈਨਲ ਵਿਚ ਇੰਗਲੈਂਡ ਨੂੰ ਇਟਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।