#CANADA

ਸਨਸੈੱਟ ਇੰਡੋ ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਵੈਨਕੂਵਰ ਵੱਲੋਂ ‘ਵਰਲਡ ਸੀਨੀਅਰਜ਼ ਡੇ’ ਮਨਾਇਆ ਗਿਆ

ਵੈਨਕੂਵਰ, 29 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਇੰਡੋ ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਸਨਸੈੱਟ ਕਮਿਊਨਿਟੀ ਸੈਂਟਰ ਵੈਨਕੂਵਰ ਵਿਖੇ ਆਪਣੀ ਵਿਸ਼ੇਸ਼ ਸਭਾ ਦੌਰਾਨ ‘ਵਰਲਡ ਸੀਨੀਅਰਜ਼ ਡੇ’ ਮਨਾਇਆ ਗਿਆ। ਇਸ ਮੌਕੇ ਵੈੱਲਫੇਅਰ ਸੁਸਾਇਟੀ ਸਰੀ ਦੇ ਜਸਵਿੰਦਰ ਸਿੰਘ ਮਾਹਲ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਸੁਸਾਇਟੀ ਦੇ ਸਕੱਤਰ ਸੁਰਜੀਤ ਸਿੰਘ ਮਿਨਹਾਸ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਸਭਾ ਦੇ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੋਪਾਰਾਏ ਨੇ ‘ਸੀਨੀਅਰਜ਼ ਡੇ’ ਦਾ ਇਤਿਹਾਸ ਅਤੇ ਸਮਾਜ ਵਿਚ ਸੀਨੀਅਰਜ਼ ਦੀ ਵਿਸ਼ੇਸ਼ ਮਹੱਤਤਾ ਬਾਰੇ ਚਾਨਣਾ ਪਾਇਆ। ਜਸਵਿੰਦਰ ਸਿੰਘ ਮਾਹਲ ਵੱਲੋਂ ਬਜ਼ੁਰਗਾਂ ਲਈ ਕੁਝ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਖੇਡਾਂ ਵਿਚ ਜੇਤੂ ਰਹਿਣ ਵਾਲਿਆਂ ਨੂੰ ਇਨਾਮ ਦਿੱਤੇ ਗਏ। ਸਭਾ ਦੇ ਜੁਆਇੰਟ ਸਕੱਤਰ ਅਜੰਟ ਸਿੰਘ ਸਿੱਧੂ ਨੇ ਦੇਸ਼-ਵਿਦੇਸ਼ ਦੀਆਂ ਖਬਰਾਂ ਸੁਣਾਈਆਂ ਅਤੇ ਗੁਰਦਰਸ਼ਨ ਮਠਾੜੂ ਨੇ ਯੋਗਾ ਕਰਵਾਇਆ। ਸੁਸਾਇਟੀ ਦੇ ਕਲਾਕਾਰ ਮੈਂਬਰਾਂ ਵੱਲੋਂ ਕਵਿਤਾਵਾਂ, ਗੀਤਾਂ, ਬੋਲੀਆਂ ਅਤੇ ਚੁਟਕਲਿਆਂ ਨਾਲ ਖੂਬ ਰੰਗ ਬੰਨ੍ਹਿਆ ਗਿਆ। ਸੀਨੀਅਰਜ਼ ਡੇ ‘ਤੇ ਸੇਵਾ ਕਰਨ ਵਾਲੇ ਸੁਸਾਇਟੀ ਦੇ ਚਾਰ ਵਲੰਟੀਅਰਾਂ ਜਰਨੈਲ ਸਿੰਘ ਹੀਰ ਸਹੋਤਾ, ਮੱਖਣ ਸਿੰਘ ਸਿੱਧੂ, ਬਲਦੇਵ ਸਿੰਘ ਰੱਖੜਾ ਅਤੇ ਸੁਰਜੀਤ ਸਿੰਘ ਭੱਟੀ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿਚ ਸੁਸਾਇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਸਿੱਧੂ ਨੇ ਸਾਰਿਆਂ ਨੂੰ ‘ਸੀਨੀਅਰਜ਼ ਡੇ’ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਸੀਨੀਅਰਜ਼ ਆਮ ਤੌਰ ‘ਤੇ ਇਕੱਲਤਾ ਕਾਰਨ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਸਾਨੂੰ ਇਕੱਲਤਾ ਨੂੰ ਦੂਰ ਕਰਨ ਲਈ ਇਕ ਦੂਜੇ ਨਾਲ ਆਪਣੇ ਮਨ ਦੇ ਵਲਵਲੇ ਸਾਂਝੇ ਕਰਨੇ ਚਾਹੀਦੇ ਹਨ ਅਤੇ ਸੀਨੀਅਰਜ਼ ਸੁਸਾਇਟੀਆਂ ਵਿਚ ਵਿਚਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਸੁਸਾਇਟੀ ਵੱਲੋਂ ਵਿਸ਼ੇਸ਼ ਰੁਚੀਆਂ ਰੱਖਣ ਵਾਲੇ ਸਾਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।