– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ‘ਚ ਹਿੱਸਾ ਲੈਣ ਜਾਣਗੇ ਅਮਰੀਕਾ
ਨਵੀਂ ਦਿੱਲੀ, 13 ਅਗਸਤ (ਪੰਜਾਬ ਮੇਲ)- ਭਾਰਤ ਅਤੇ ਅਮਰੀਕਾ ਵਿਚਕਾਰ ਇਸ ਸਮੇਂ ਟੈਰਿਫ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਵਪਾਰ ਸਮਝੌਤੇ ਨੂੰ ਲੈ ਕੇ ਵੀ ਗੱਲਬਾਤ ਚੱਲ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਜਾਣ ਵਾਲੇ ਦੌਰੇ ਨੂੰ ਲੈ ਕੇ ਸੂਤਰਾਂ ਵਲੋਂ ਇਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਯਾਨੀ ਸਤੰਬਰ ਵਿਚ ਅਮਰੀਕਾ ਦਾ ਦੌਰਾ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਫੇਰੀ ਦਾ ਮੁੱਖ ਉਦੇਸ਼ ਯੂ.ਐੱਨ.ਜੀ.ਏ. ਯਾਨੀ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਹਿੱਸਾ ਲੈਣਾ ਹੈ।
ਸੂਤਰਾਂ ਅਨੁਸਾਰ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਡੋਨਾਲਡ ਟਰੰਪ ਨਾਲ ਦੁਵੱਲੀ ਗੱਲਬਾਤ ਵੀ ਹੋਵੇਗੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਅਮਰੀਕੀ ਦੌਰੇ ਦੌਰਾਨ ਨਿਊਯਾਰਕ ਵਿਚ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੀ ਉੱਚ-ਪੱਧਰੀ ਮੀਟਿੰਗ ‘ਚ ਸ਼ਾਮਲ ਹੋਣਗੇ। ਇਹ ਮੀਟਿੰਗ 23 ਤੋਂ 27 ਸਤੰਬਰ ਤੱਕ ਹੋਵੇਗੀ, ਜਦੋਂ ਕਿ ਆਖਰੀ ਦਿਨ ਦੀ ਕਾਰਵਾਈ 29 ਸਤੰਬਰ 2025 ਨੂੰ ਹੋਵੇਗੀ।
ਦੱਸ ਦੇਈਏ ਕਿ ਭਾਰਤ ਨੇ 26 ਸਤੰਬਰ ਦੀ ਸਵੇਰ ਨੂੰ ਯੂ.ਐੱਨ.ਜੀ.ਏ. ਵਿਚ ਪ੍ਰਧਾਨ ਮੰਤਰੀ ਮੋਦੀ ਦੇ 15 ਮਿੰਟ ਦੇ ਭਾਸ਼ਣ ਲਈ ਸਮਾਂ ਨਿਰਧਾਰਤ ਕੀਤਾ ਹੈ, ਜਦੋਂਕਿ ਟਰੰਪ ਦਾ ਭਾਸ਼ਣ 23 ਸਤੰਬਰ ਨੂੰ ਹੋਵੇਗਾ। ਇਸ ਦੇ ਨਾਲ ਹੀ ਜ਼ੇਲੇਂਸਕੀ ਨੇ ਸੋਮਵਾਰ ਨੂੰ ਮੋਦੀ ਨਾਲ ਫ਼ੋਨ ‘ਤੇ ਗੱਲ ਕਰਨ ਤੋਂ ਬਾਅਦ ਇਹ ਵੀ ਕਿਹਾ ਕਿ ਉਹ ਮਿਲਣ ਲਈ ਸਹਿਮਤ ਹੋ ਗਏ ਹਨ।
ਸਤੰਬਰ ਮਹੀਨੇ ਹੋ ਸਕਦੀ ਹੈ ਮੋਦੀ ਤੇ ਟਰੰਪ ਦੀ ਮੁਲਾਕਾਤ!
