#CANADA

ਸਤਿਕਾਰ ਕਮੇਟੀ ਬੀ.ਸੀ. ਕੈਨੇਡਾ ਦੀ ਚੋਣ ‘ਪੰਚ ਪਰਵਾਨ ਪੰਚ ਪ੍ਰਧਾਨ’ ਦੀ ਮਰਿਆਦਾ ਅਨੁਸਾਰ ਹੋਈ

ਸਰੀ, 21 ਜੂਨ (ਹਰਦਮ ਮਾਨ/ਪੰਜਾਬ ਮੇਲ)-ਸਤਿਕਾਰ ਕਮੇਟੀ ਬੀ.ਸੀ. ਕੈਨੇਡਾ ਦੀ ਸਾਲਾਨਾ ਚੋਣ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਕਲਗੀਧਰ ਦਰਬਾਰ ਐਬਸਫੋਰਡ ਵਿਖੇ ਹੋਈ। ਕਮੇਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਸੇਖੋਂ ਨੇ ਦੱਸਿਆ ਹੈ ਕਿ ਇਹ ਚੋਣ ‘ਪੰਚ ਪਰਵਾਨ ਪੰਚ ਪ੍ਰਧਾਨ’ ਦੀ ਪੁਰਾਣੀ ਮਰਿਆਦਾ ਅਨੁਸਾਰ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਈ। ਉਹਨਾਂ ਦੱਸਿਆ ਕਿ ਸਤਿਕਾਰ ਕਮੇਟੀ ਬੀਸੀ ਕੈਨੇਡਾ 2014 ਵਿੱਚ ਸਥਾਪਤ ਹੋਈ ਸੀ ਅਤੇ ਉਸ ਸਮੇਂ ਇਸ ਦੇ ਕੁੱਲ 34 ਮੈਂਬਰਾਂ ਦੀਆਂ ਪਰਚੀਆਂ ਗੁਰੂ ਸਾਹਿਬ ਅੱਗੇ ਰੱਖ ਕੇ ਪੰਜ ਸਿੰਘਾਂ ਦੀਆਂ ਪਰਚੀਆਂ ਕੱਢੀਆਂ ਗਈਆਂ ਸਨ ਅਤੇ ਉਸ ਤੋਂ ਬਾਅਦ ਹਰ ਸਾਲ ਇਹ ਚੋਣ ਉਸੇ ਤਰੀਕੇ ਨਾਲ ਹੀ ਕੀਤੀ ਜਾਂਦੀ ਹੈ।

ਕੁਲਦੀਪ ਸਿੰਘ ਸੇਖੋਂ ਅਨੁਸਾਰ ਹੁਣ ਇਸ ਕਮੇਟੀ ਦੇ 90 ਮੈਂਬਰ ਹਨ। ਹਰ ਦੋ ਸਾਲਾਂ ਬਾਅਦ ਹੋਣ ਵਾਲੀ ਇਸ ਚੋਣ ਵਿੱਚ ਇਸ ਵਾਰ ਚੁੱਕੀਆਂ ਗਈਆਂ ਪਰਚੀਆਂ ਰਾਹੀਂ ਭਾਈ ਜਰਨੈਲ ਸਿੰਘ ਖੋਸਾ, ਭਾਈ ਹਰਦੀਪ ਸਿੰਘ ਤੂਰ, ਭਾਈ ਮੇਜਰ ਸਿੰਘ ਭਿੰਡਰ, ਭਾਈ ਬਲਵਿੰਦਰ ਸਿੰਘ ਸਰਪੰਚ, ਭਾਈ ਭਗਵੰਤ ਸਿੰਘ ਮੰਡੇਰ ਕਮੇਟੀ ਮੈਂਬਰ ਚੁਣੇ ਗਏ। ਸੰਗਤ ਵੱਲੋਂ ਭਾਈ ਗੁਰਮੀਤ ਸਿੰਘ ਢਿੱਲੋਂ ਨੂੰ ਜਨਰਲ ਸਕੱਤਰ, ਭਾਈ ਹਰੀ ਸਿੰਘ ਮਾਨ ਨੂੰ ਅਕਾਊਂਟੈਂਟ, ਭਾਈ ਮਲਕੀਤ ਸਿੰਘ ਸ਼ੋਕਰ ਨੂੰ ਖਜ਼ਾਨਚੀ ਅਤੇ ਕੁਲਦੀਪ ਸਿੰਘ ਸੇਖੋਂ ਨੂੰ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਕੁਲਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਸਮੇਂ ਸਤਿਕਾਰ ਕਮੇਟੀ ਅਤੇ ਸੰਗਤ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਘਰ ਵਿਚ 68ਵਾਂ ਸਹਿਜ ਪਾਠ ਚੱਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਕਮੇਟੀ ਹੋਰਨਾਂ ਧਾਰਮਿਕ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੀ ਰਹੇਗੀ।