– ਗਦਰੀ ਬਾਬਿਆਂ ਦੇ ਸਥਾਨ ਤੋਂ ਗੁਰਦੁਆਰਾ ਕਮੇਟੀਆਂ ਤੇ ਸਮੁੱਚੀਆਂ ਜਥੇਬੰਦੀਆਂ ਵੱਲੋਂ ਭਾਰਤੀ ਤੰਤਰ ਤੇ ਹਰਿਆਣਾ ਪੁਲਿਸ ਵੱਲੋਂ ਮਿੱਥ ਕੇ ਨੁਕਸਾਨੇ ਗਏ ਕਿਸਾਨ-ਪੁੱਤਰ, ਟਰੈਕਟਰਾਂ ਦੀ ਮੁਰੰਮਤ ਅਤੇ ਨੁਕਸਾਨ ਦੀ ਪੂਰਤੀ ਕਰਨ ਦੀ ਲਈ ਜ਼ਿੰਮੇਵਾਰੀ
ਸਟਾਕਟਨ (ਕੈਲੀਫੋਰਨੀਆ), 28 ਫਰਵਰੀ (ਪੰਜਾਬ ਮੇਲ)- ਮੌਜੂਦਾ ਕਿਸਾਨੀ ਸੰਘਰਸ਼ 2024 ਦੀ ਸਪੋਰਟ ਵਿਚ ਈਸਟ-ਕੋਸਟ ਤੋਂ ਬਾਅਦ ਇਸ ਐਤਵਾਰ 25 ਫਰਵਰੀ ਨੂੰ ਵੈਸਟ-ਕੋਸਟ ਵਿਚ ਵੀ ਇੱਕ ਵਿਸ਼ਾਲ ਕਿਸਾਨ ਕਨਵੈਨਸ਼ਨ ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਹੋਈ। ਇਸ ਭਰਵੀਂ ਕਨਵੈਨਸ਼ਨ ਵਿਚ ਬੇ-ਏਰੀਆ ਤੋਂ ਲੈ ਕੇ ਐੱਲ.ਏ. ਤੱਕ ਦੇ ਗੁਰਦੁਆਰਾ ਪ੍ਰਬੰਧਕ, ਜਥੇਬੰਦੀਆਂ ਦੇ ਨੁਮਾਇੰਦੇ ਤੇ ਮੋਹਤਬਰ ਸੱਜਣ ਪਹੁੰਚੇ ਹੋਏ ਸਨ। ਸਾਰੇ ਹੀ ਬੁਲਾਰਿਆਂ ਤੇ ਹਾਜ਼ਰ ਸੰਗਤਾਂ ਵੱਲੋਂ ਇਕ ਆਵਾਜ਼ ਵਿਚ ਆਪਣੇ ਕਿਸਾਨ ਭਰਾਵਾਂ ਦੇ ਹਰ ਹਾਲ ਵਿਚ ਨਾਲ ਖੜ੍ਹਨ ਦੀ ਗੱਲ ਜ਼ੋਰ ਦੇ ਕੇ ਕਹੀ।
ਇਸ ਮੌਕੇ ਖਾਸ ਤੌਰ ‘ਤੇ ਪਿਛਲੇ ਦਿਨਾਂ ਅੰਦਰ ਭਾਰਤੀ ਅਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਕੀਤੇ ਕਤਲਾਂ ਦੀ ਨਿਖੇਧੀ ਕਰਦਿਆਂ ਇਸਨੂੰ ਪੰਜਾਬ ਉੱਪਰ ਭਾਰਤ ਦੇ ਇਕ ਹੋਰ ਹਮਲੇ ਵਜੋਂ ਵੇਖਦਿਆਂ ਅਤੇ ਨਾਲ ਹੀ ਭਾਰਤੀ ਪੁਲਿਸ ਵੱਲੋਂ ਤੋੜ-ਭੰਨ ਕਰਕੇ ਅਤੇ ਰੇਤਾ ਪਾ ਕੇ ਖਰਾਬ ਕੀਤੇ ਅਤੇ ਨੁਕਸਾਨੇ ਗਏ ਟਰੈਕਟਰਾਂ ਤੇ ਹੋਰ ਕਿਸਾਨੀ ਸੰਦਾਂ ਦੀ ਮੁਰੰਮਤ ਕਰਵਾਉਣ ਅਤੇ ਨੁਕਸਾਨ ਦੀ ਪੂਰਤੀ ਕਰਨ ਦੀ ਵਚਨਬੱਧਤਾ ਸਟਾਕਟਨ ਗੁਰਦੁਆਰਾ ਸਾਹਿਬ ਤੇ ਹੋਰ ਕਮੇਟੀਆਂ ਤੇ ਜਥੇਬੰਦੀਆਂ ਵੱਲੋਂ ਪ੍ਰਗਟ ਕੀਤੀ। ਆਉਂਦੇ ਦਿਨਾਂ ਵਿਚ ਅਮਰੀਕਾ ਤੇ ਹੋਰ ਦੇਸ਼ਾਂ ਵਿਚ ਵੀ ਕਿਸਾਨੀ ਸੰਘਰਸ਼ ਸਬੰਧੀ ਜਾਗਰੂਕਤਾ ਅਤੇ ਹਮਾਇਤ ਲਈ ਲਗਾਤਾਰ ਪ੍ਰੋਗਰਾਮ ਉਲੀਕੇ ਜਾਣ ਦੀ ਗੱਲ ਕਹੀ ਗਈ। ਬੁਲਾਰਿਆਂ ਨੇ 31 ਮਾਰਚ ਨੂੰ ਹੋਣ ਵਾਲੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ‘ਚ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਪਹੁੰਚ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ।
ਬੁਲਾਰਿਆਂ ਵਿਚ ਡਾ. ਪ੍ਰਿਤਪਾਲ ਸਿੰਘ, ਜਰਨਲ ਸਕੱਤਰ ਭਾਈ ਅਮਰਜੀਤ ਸਿੰਘ ਤੁੰਗ, ਜਸਵੰਤ ਸਿੰਘ ਹੋਠੀ, ਰੇਸ਼ਮ ਸਿੰਘ ਬੇਕਰਜ਼ਫੀਲਡ, ਤਰਸੇਮ ਸਿੰਘ ਟੂਲੇਰੀ, ਮਨਜੀਤ ਸਿੰਘ ਉੱਪਲ, ਬੀਬੀ ਸੁਰਿੰਦਰਜੀਤ ਕੌਰ, ਸੰਦੀਪ ਸਿੰਘ ਜੰਟੀ, ਸਾਬਕਾ ਸਕੱਤਰ ਕੁਲਦੀਪ ਸਿੰਘ ਨਿੱਝਰ, ਸੁਖਵਿੰਦਰ ਸਿੰਘ ਥਾਣਾ, ਜਸਵਿੰਦਰ ਸਿੰਘ ਜੰਡੀ, ਜਸਪਾਲ ਸਿੰਘ, ਜੋਧ ਸਿੰਘ ਅਤੇ ਹੋਰ ਵੀ ਬਹੁਤ ਸ਼ਖਸੀਅਤਾਂ ਪ੍ਰੋਗਰਾਮ ਵਿਚ ਸ਼ਾਮਲ ਸਨ। ਇਸ ਕਿਸਾਨ ਕਨਵੈਨਸ਼ਨ ਨੂੰ ਸਫਲ ਬਨ੍ਹਾਉਣ ਵਿਚ ਜੌਹਨ ਸਿੰਘ ਗਿੱਲ, ਰਵਿੰਦਰ ਸਿੰਘ ਧਾਲੀਵਾਲ ਅਤੇ ਹਰਨੇਕ ਸਿੰਘ ਅਟਵਾਲ ਦਾ ਵਿਸ਼ੇਸ ਯੋਗਦਾਨ ਰਿਹਾ।
ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਹੋਈ ਅਮਰੀਕਾ ਦੀ ਦੂਜੀ ਕਿਸਾਨ ਕਨਵੈਨਸ਼ਨ ‘ਚ ਕਿਸਾਨੀ ਸੰਘਰਸ਼-2024 ਦੀ ਡਟਵੀਂ ਹਮਾਇਤ ਦਾ ਐਲਾਨ
