#OTHERS

ਸਕੂਲ ‘ਚ ਛੁਰੇਬਾਜ਼ੀ ਦੀ ਘਟਨਾ ਦੇ ਮੱਦੇਨਜ਼ਰ ਫਰਾਂਸ ਮਜ਼ਬੂਤ ਕਰੇਗਾ ਸੁਰੱਖਿਆ

-7000 ਫ਼ੌਜੀ ਕੀਤੇ ਜਾਣਗੇ ਤਾਇਨਾਤ
ਅਰਾਸ/ਫਰਾਂਸ, 14 ਅਕਤੂਬਰ (ਪੰਜਾਬ ਮੇਲ)- ਫਰਾਂਸ ਦੇ ਇੱਕ ਸਕੂਲ ਵਿਚ ਇੱਕ ਸ਼ੱਕੀ ਇਸਲਾਮਿਕ ਕੱਟੜਪੰਥੀ ਵੱਲੋਂ ਇੱਕ ਅਧਿਆਪਕ ਦਾ ਚਾਕੂ ਮਾਰ ਕੇ ਕਤਲ ਕਰਨ ਅਤੇ 3 ਹੋਰਾਂ ਨੂੰ ਜ਼ਖ਼ਮੀ ਕਰਨ ਦੀ ਘਟਨਾ ਦੇ ਮੱਦੇਨਜ਼ਰ ਦੇਸ਼ ਵਿਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ 7 ਹਜ਼ਾਰ ਫ਼ੌਜੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਰਾਸ਼ਟਰਪਤੀ ਦਫਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਫਰਾਂਸ ਵਿਚ ਸ਼ੁੱਕਰਵਾਰ ਨੂੰ ਹੋਏ ਹਮਲੇ ਤੋਂ ਬਾਅਦ ਉੱਤਰੀ ਸ਼ਹਿਰ ਅਰਰਾਸ ਵਿਚ ਸਥਿਤ ‘ਗੈਮਬੇਟਾ-ਕਾਰਨੋਟ’ ਸਕੂਲ ਸ਼ਨੀਵਾਰ ਸਵੇਰੇ ਖੁੱਲ੍ਹਿਆ। ਸਕੂਲ ਵਿਚ ਬੱਚਿਆਂ ਅਤੇ ਅਧਿਆਪਕਾਂ ਦੀ ਗਿਣਤੀ ਮੁਕਾਬਲਤਨ ਘੱਟ ਰਹੀ। ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਹੈ, ਜਦੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਭਿਆਨਕ ਯੁੱਧ ਚੱਲ ਰਿਹਾ ਹੈ।
ਸਰਕਾਰੀ ਵਕੀਲਾਂ ਨੇ ਕਿਹਾ ਕਿ ਅੱਤਵਾਦ ਰੋਕੂ ਅਧਿਕਾਰੀ ਛੁਰੇਬਾਜ਼ੀ ਅਤੇ ਸ਼ੱਕੀ ਹਮਲਾਵਰ ਬਾਰੇ ਜਾਂਚ ਕਰ ਰਹੇ ਹਨ। ਸ਼ੱਕੀ ਚੇਚਨਿਆ ਦਾ ਰਹਿਣ ਵਾਲਾ ਹੈ ਅਤੇ ਸਕੂਲ ਦਾ ਸਾਬਕਾ ਵਿਦਿਆਰਥੀ ਹੈ। ਖੁਫੀਆ ਸੇਵਾਵਾਂ ਅੱਤਵਾਦ ਲਈ ਉਸ ‘ਤੇ ਨਜ਼ਰ ਰੱਖ ਰਹੀਆਂ ਸਨ। ਰਾਸ਼ਟਰਪਤੀ ਦੇ ਦਫਤਰ ਨੇ ਕਿਹਾ ਕਿ ਸਰਕਾਰ ਨੇ ਰਾਸ਼ਟਰੀ ਖ਼ਤਰੇ ਦੀ ਚੇਤਾਵਨੀ ਵਧਾ ਦਿੱਤੀ ਹੈ ਅਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਫਰਾਂਸ ਦੀ ਸੁਰੱਖਿਆ ਵਧਾਉਣ ਲਈ ਸੋਮਵਾਰ ਰਾਤ ਤੱਕ ਅਤੇ ਅਗਲੀ ਸੂਚਨਾ ਤੱਕ 7,000 ਫ਼ੌਜੀਆਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ।
ਜਿਸ ਸਕੂਲ ਵਿਚ ਛੁਰੇਬਾਜ਼ੀ ਦੀ ਘਟਨਾ ਵਾਪਰੀ ਹੈ, ਉਥੇ ਅੱਜ ਕਲਾਸਾਂ ਨਹੀਂ ਲੱਗੀਆਂ ਪਰ ਵਿਦਿਆਰਥੀ, ਉਨ੍ਹਾਂ ਦੇ ਪਰਿਵਾਰ ਅਤੇ ਹੋਰ ਸਟਾਫ਼ ਘਟਨਾ ਦਾ ਵਿਰੋਧ ਕਰਨ ਅਤੇ ਪੀੜਤਾਂ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਉੱਥੇ ਪਹੁੰਚੇ। ਛੁਰੇਬਾਜ਼ੀ ਦੀ ਘਟਨਾ ਵਿਚ ਮਾਰੇ ਗਏ ਅਧਿਆਪਕ ਦਾ ਨਾਮ ਡੋਮਿਨਿਕ ਬਰਨਾਰਡ ਸੀ ਅਤੇ ਉਹ ਗੈਮਬੇਟਾ-ਕਾਰਨੋਟ ਸਕੂਲ ਵਿਚ ਫਰਾਂਸੀਸੀ ਭਾਸ਼ਾ ਪੜ੍ਹਾਉਂਦੇ ਸਨ। ਮੈਕਰੋਨ ਨੇ ਫਰਾਂਸ ਦੇ ਲੋਕਾਂ ਨੂੰ ”ਇਕਜੁੱਟ” ਰਹਿਣ ਦੀ ਅਪੀਲ ਕੀਤੀ ਹੈ।

Leave a comment