#AMERICA

ਵੈਸਟ ਕੋਸਟ ਰੈਸਲਿੰਗ ਅਕੈਡਮੀ ਦਾ ਫਰਿਜ਼ਨੋ ਵਿਖੇ ਹੋਇਆ ਅਗਾਜ਼

ਫਰਿਜ਼ਨੋ, 3 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਸ਼ਹਿਰ ਜਿਹੜਾ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਕਰਕੇ ਮਿੰਨੀ ਪੰਜਾਬ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਐਸਾ ਕੋਈ ਮੇਲਾ ਨਹੀਂ, ਜਿਹੜਾ ਫਰਿਜਨੋ ਵਿਖੇ ਨਾ ਕਰਵਾਇਆ ਜਾਂਦਾ ਹੋਵੇ। ਫਰਿਜਨੋ ਸ਼ਹਿਰ ਜਿੱਥੇ ਦੋ ਕਬੱਡੀ ਕਲੱਬਾਂ ਬਣੀਆਂ ਹੋਈਆਂ ਨੇ। ਇੱਥੇ ਫੀਲਡ ਹਾਕੀ ”ਕੈਲੀਫੋਰਨੀਆ ਹਾਕਸ” ਵੀ ਬਣੀ ਹੋਈ ਹੈ। ਸਾਕਰ, ਵਾਲੀਬਾਲ ਅਤੇ ਕ੍ਰਿਕਟ ਆਦਿ ਦੀਆਂ ਕਲੱਬਾਂ ਵੀ ਸਮੇਂ-ਸਮੇਂ ‘ਤੇ ਟੂਰਨਾਮੈਂਟ ਕਰਵਾਉਂਦੀਆਂ ਰਹਿੰਦੀਆਂ ਹਨ। ਇੱਕੋ ਕਲੱਬ ਦੀ ਕਮੀ ਸੀ, ਉਹ ਸੀ ਰੈਸਲਿੰਗ ਦੀ। ਉਸ ਕਮੀ ਨੂੰ ਫਰਿਜ਼ਨੋ ਦੇ ਸਿਰਕੱਢ ਗੱਭਰੂਆਂ, ਬਿੱਲਾ ਚਾਹਲ, ਛਿੰਦਾ ਚਾਹਲ ਅਤੇ ਲੱਖੀ ਕੂੰਨਰ ਨੇ ”ਵੈਸਟ ਕੋਸਟ ਰੈਸਲਿੰਗ ਅਕੈਡਮੀ” ਬਣਾ ਕੇ ਪੂਰਾ ਕਰ ਦਿੱਤਾ। ਫਰਿਜ਼ਨੋ ਦੀ ਮਸ਼ਹੂਰ ਸਟਰੀਟ ਸ਼ਾਹ ਐਵੇਨਿਊ ਅਤੇ ਮਾਰਕਸ ਸਟ੍ਰੀਟ ਦੇ ਕਾਰਨਰ ਵਿਚ ਬਣੇ ਸ਼ਾਪਿੰਗ ਪਲਾਜ਼ੇ ਵਿਚ ਬੀਤੇ ਐਤਵਾਰ ਵੈਸਟ ਕੋਸਟ ਰੈਸਲਿੰਗ ਅਕੈਡਮੀ ਦੇ ਅਖਾੜੇ ਦਾ ਉਦਘਾਟਨ ਸੁਖਮਨੀ ਸਹਿਬ ਦੇ ਪਾਠ ਦੇ ਭੋਗ ਪਾ ਕੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਪਹੁੰਚ ਕੇ ਪ੍ਰਬੰਧਕ ਵੀਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੱਚਿਆਂ ਨੂੰ ਸਪੋਰਟਸ ਵੱਲ ਲਾਉਣ ਦਾ ਇਹ ਚਾਹਲ ਭਰਾਵਾਂ ਅਤੇ ਲੱਖੀ ਕੂੰਨਰ ਦਾ ਇੱਕ ਸਾਰਥਕ ਯਤਨ ਹੈ ਅਤੇ ਸਮੂਹ ਫਰਿਜ਼ਨੋ ਨਿਵਾਸੀਆਂ ਨੂੰ ਹੁਣ ਆਪਣੇ ਬੱਚਿਆਂ ਨੂੰ ਰੈਸਲਿੰਗ ਅਕੈਡਮੀ ਵਿਚ ਦਾਖਲ ਕਰਵਾਕੇ ਆਪਣੇ ਬੱਚਿਆਂ ਨੂੰ ਪਹਿਲਵਾਨੀ ਦੇ ਦਾਅਪੇਚ ਸਿਖਾਉਣੇ ਚਾਹੀਦੇ ਨੇ। ਇਸ ਮੌਕੇ ਛਿੰਦੇ ਚਾਹਲ ਨੇ ਕਿਹਾ ਕਿ ਇਸ ਅਕੈਡਮੀ ਤੋਂ ਅਸੀ ਬੱਚਿਆਂ ਨੂੰ ਪਰਾਪਰ ਟ੍ਰੇਨਿੰਗ ਦੇ ਕੇ ਪਹਿਲਵਾਨ ਬਨਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਅਗਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਅਕੈਡਮੀ ਵਿਚ ਦਾਖਲ ਕਰਵਾਉਣਾ ਚਾਹੁੰਦੇ ਹੋ, ਤਾਂ 559-993-9000 ‘ਤੇ ਕਾਲ ਕਰਕੇ ਰਜਿਸਟਰ ਕਰਵਾ ਸਕਦੇ ਹੋ।

Leave a comment