#AMERICA

ਵੈਨੇਜ਼ੁਏਲਾ ਮਗਰੋਂ ਟਰੰਪ ਨੇ ਹੁਣ 3 ਹੋਰ ਦੇਸ਼ਾਂ ਨੂੰ ਦਿੱਤੀ ਸਖ਼ਤ ਚਿਤਾਵਨੀ!

ਵਾਸ਼ਿੰਗਟਨ, 5 ਜਨਵਰੀ (ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਨੇ ਵੈਨੇਜ਼ੁਏਲਾ ‘ਤੇ ਵੱਡੀ ਏਅਰਸਟ੍ਰਾਈਕ ਕੀਤੀ ਤੇ ਉੱਥੋਂ ਦੇ ਰਾਸ਼ਟਰਪਤੀ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ ‘ਚ ਲੈ ਲਿਆ। ਇਸ ਕਾਰਵਾਈ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਹੁਣ ਮੈਕਸੀਕੋ, ਕਿਊਬਾ ਅਤੇ ਕੋਲੰਬੀਆ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਟਰੰਪ ਨੇ ਇਨ੍ਹਾਂ ਦੇਸ਼ਾਂ ‘ਤੇ ਨਸ਼ਾ-ਤਸਕਰੀ ਅਤੇ ਨਾਰਕੋ-ਟੈਰਰਿਜ਼ਮ ਨੂੰ ਸ਼ਹਿ ਦੇਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਸਥਿਤੀ ਨਾ ਸੁਧਾਰੀ, ਤਾਂ ਅਗਲੀ ਵਾਰੀ ਉਨ੍ਹਾਂ ਦੀ ਹੋ ਸਕਦੀ ਹੈ।
ਟਰੰਪ ਨੇ ਕਿਊਬਾ ਨੂੰ ਇੱਕ ਫੇਲ੍ਹ ਦੇਸ਼ ਦੱਸਿਆ ਅਤੇ ਕੋਲੰਬੀਆ ‘ਤੇ ਕੋਕੀਨ ਦੀਆਂ ਫੈਕਟਰੀਆਂ ਚਲਾਉਣ ਦੇ ਦੋਸ਼ ਲਾਏ। ਮੈਕਸੀਕੋ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਉੱਥੇ ਸਰਕਾਰ ਦੀ ਬਜਾਏ ਡਰੱਗ ਕਾਰਟੇਲ ਦਾ ਕਬਜ਼ਾ ਹੈ।
ਭਾਰਤ ਨੇ ਵੈਨੇਜ਼ੁਏਲਾ ‘ਚ ਬਣੀ ਇਸ ਸਥਿਤੀ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਪੀਲ ਕੀਤੀ ਹੈ ਕਿ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਸਾਰੇ ਵਿਵਾਦਾਂ ਨੂੰ ਗੱਲਬਾਤ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।
ਕਿਊਬਾ ਦੇ ਰਾਸ਼ਟਰਪਤੀ ਨੇ ਇਸ ਹਮਲੇ ਨੂੰ ਕਾਇਰਤਾਪੂਰਨ ਅਤੇ ਅਪਰਾਧਿਕ ਦੱਸਿਆ ਹੈ, ਜਦਕਿ ਮੈਕਸੀਕੋ ਨੇ ਇਸ ਨੂੰ ਖੇਤਰੀ ਸ਼ਾਂਤੀ ਲਈ ਖਤਰਾ ਕਰਾਰ ਦਿੱਤਾ ਹੈ। ਅਮਰੀਕਾ ਦੇ ਅੰਦਰ ਵੀ ਕਈ ਸੰਸਦ ਮੈਂਬਰਾਂ ਨੇ ਬਿਨਾਂ ਕਾਂਗਰਸ ਦੀ ਮਨਜ਼ੂਰੀ ਦੇ ਇਸ ਕਾਰਵਾਈ ਨੂੰ ਸ਼ੁਰੂ ਕਰਨ ਲਈ ਟਰੰਪ ਦੀ ਆਲੋਚਨਾ ਕੀਤੀ ਹੈ।
ਇਸੇ ਦੌਰਾਨ ਰੂਸ ਅਤੇ ਚੀਨ ਵਰਗੇ ਦੇਸ਼ਾਂ ਵੱਲੋਂ ਵੀ ਇਸ ਕਾਰਵਾਈ ਵਿਰੁੱਧ ਜਵਾਬੀ ਕਾਰਵਾਈ ਦੇ ਸੰਕੇਤ ਦਿੱਤੇ ਗਏ ਹਨ, ਜਿਸ ਨਾਲ ਖੇਤਰ ਵਿਚ ਤਣਾਅ ਹੋਰ ਵਧ ਗਿਆ ਹੈ। ਭਾਰਤ ਨੇ ਕਿਹਾ ਹੈ ਕਿ ਉਹ ਵੈਨੇਜ਼ੁਏਲਾ ਵਿਚ ਬਦਲ ਰਹੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਫੌਜ ਨੇ ਵੈਨੇਜ਼ੁਏਲਾ ਵਿਚ ‘ਲਾਰਜ ਸਕੇਲ ਸਟ੍ਰਾਈਕ’ ਕੀਤੀ ਅਤੇ ਮਾਦੁਰੋ ਨੂੰ ਕਾਬੂ ਕਰ ਕੇ ਨਿਊਯਾਰਕ ਲਿਜਾਇਆ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਵੈਨੇਜ਼ੁਏਲਾ ਦੀ ਉਪ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੂੰ ਦੇਸ਼ ਦੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ ਤੇ ਦੇਸ਼ ‘ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।