-ਕਮਲਾ ਹੈਰਿਸ ਨੇ ਵੈਨੇਜ਼ੁਏਲਾ ‘ਤੇ ਹਮਲੇ ਨੂੰ ਲੈ ਕੇ ਘੇਰੀ ਟਰੰਪ ਸਰਕਾਰ
ਵਾਸ਼ਿੰਗਟਨ, 5 ਜਨਵਰੀ (ਪੰਜਾਬ ਮੇਲ)-ਅਮਰੀਕੀ ਸੈਨਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰਸ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਅਮਰੀਕਾ ਦੀ ਅੰਦਰੂਨੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਅਮਰੀਕਾ ਦੀ ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਸੈਨਿਕ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ”ਗੈਰ-ਕਾਨੂੰਨੀ” ਅਤੇ ”ਬੇਵਕੂਫੀ ਭਰਿਆ” ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੋਨਾਲਡ ਟਰੰਪ ਦੀਆਂ ਇਹ ਕਾਰਵਾਈਆਂ ਅਮਰੀਕਾ ਨੂੰ ਵਧੇਰੇ ਸੁਰੱਖਿਅਤ ਜਾਂ ਮਜ਼ਬੂਤ ਨਹੀਂ ਬਣਾਉਂਦੀਆਂ।
ਕਮਲਾ ਹੈਰਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ ਕਿ ਮਾਦੁਰੋ ਭਾਵੇਂ ਇੱਕ ਕਰੂਰ ਤਾਨਾਸ਼ਾਹ ਹੋ ਸਕਦਾ ਹੈ, ਪਰ ਅਮਰੀਕੀ ਕਾਰਵਾਈ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਹ ਕਾਰਵਾਈ ਲੋਕਤੰਤਰ ਬਚਾਉਣ ਲਈ ਨਹੀਂ, ਸਗੋਂ ਤੇਲ ਤੇ ਡੋਨਾਲਡ ਟਰੰਪ ਦੀ ਖੇਤਰੀ ਤਾਕਤਵਰ ਨੇਤਾ ਬਣਨ ਦੀ ਇੱਛਾ ਨਾਲ ਜੁੜੀ ਹੋਈ ਹੈ। ਹੈਰਿਸ ਅਨੁਸਾਰ, ਅਜਿਹੇ ਯੁੱਧ ਅੰਤ ਵਿਚ ਅਰਾਜਕਤਾ ਵਿਚ ਬਦਲ ਜਾਂਦੇ ਹਨ ਅਤੇ ਇਸ ਦੀ ਭਾਰੀ ਕੀਮਤ ਅਮਰੀਕੀ ਪਰਿਵਾਰਾਂ ਨੂੰ ਚੁਕਾਉਣੀ ਪੈਂਦੀ ਹੈ।
ਰਿਪੋਰਟ ਅਨੁਸਾਰ ਅਮਰੀਕੀ ਸੈਨਾ ਦੀ ਡੇਲਟਾ ਫੋਰਸ ਨੇ ਐੱਫ.ਬੀ.ਆਈ. ਦੇ ਸਹਿਯੋਗ ਨਾਲ ਇੱਕ ਅਚਨਚੇਤ ਰਾਤਰੀ ਅਪ੍ਰੇਸ਼ਨ ਚਲਾਇਆ। ਅਮਰੀਕੀ ਕਮਾਂਡੋ ਕਾਰਾਕਾਸ ਦੇ ਸਖ਼ਤ ਸੁਰੱਖਿਆ ਵਾਲੇ ਫੋਰਟ ਤਿਊਨਾ (Fort Tiuna) ਫੌਜੀ ਕੰਪਲੈਕਸ ਵਿਚ ਦਾਖਲ ਹੋਏ ਅਤੇ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੇ ਬੈਡਰੂਮ ਵਿਚੋਂ ਹਿਰਾਸਤ ਵਿਚ ਲੈ ਲਿਆ। ਇਹ ਪੂਰੀ ਕਾਰਵਾਈ 30 ਮਿੰਟ ਤੋਂ ਵੀ ਘੱਟ ਸਮੇਂ ਵਿਚ ਪੂਰੀ ਹੋ ਗਈ ਅਤੇ ਇਸ ਵਿਚ ਕਿਸੇ ਵੀ ਅਮਰੀਕੀ ਸੈਨਿਕ ਦਾ ਕੋਈ ਨੁਕਸਾਨ ਨਹੀਂ ਹੋਇਆ।
ਸਿਰਫ਼ ਕਮਲਾ ਹੈਰਿਸ ਹੀ ਨਹੀਂ, ਸਗੋਂ ਨਿਊਯਾਰਕ ਦੇ ਮੇਅਰ ਜੋਹਰਾਨ ਮੰਮਦਾਨੀ ਨੇ ਵੀ ਇਸ ਨੂੰ ਇੱਕਪਾਸੜ ਕਾਰਵਾਈ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ ਅਤੇ ਇਸ ਨੂੰ ”ਯੁੱਧ ਦੀ ਕਾਰਵਾਈ” ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਚਿੰਤਾ ਜਤਾਈ ਕਿ ਇਸ ਦਾ ਅਸਰ ਨਿਊਯਾਰਕ ਵਿਚ ਰਹਿ ਰਹੇ ਹਜ਼ਾਰਾਂ ਵੈਨੇਜ਼ੁਏਲਾ ਦੇ ਨਾਗਰਿਕਾਂ ‘ਤੇ ਵੀ ਪਵੇਗਾ।
ਹੈਰਿਸ ਨੇ ਚਿਤਾਵਨੀ ਦਿੱਤੀ ਹੈ ਕਿ ਰਾਸ਼ਟਰਪਤੀ ਟਰੰਪ ਬਿਨਾਂ ਕਿਸੇ ਠੋਸ ਯੋਜਨਾ ਜਾਂ ਕਾਨੂੰਨੀ ਆਧਾਰ ਦੇ ਅਰਬਾਂ ਡਾਲਰ ਖ਼ਰਚ ਕਰ ਰਹੇ ਹਨ ਅਤੇ ਅਮਰੀਕੀ ਸੈਨਿਕਾਂ ਦੀ ਜਾਨ ਜ਼ੋਖ਼ਮ ਵਿਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਅਜਿਹੇ ਲੀਡਰ ਦੀ ਲੋੜ ਹੈ, ਜੋ ਆਪਣੇ ਸਹਿਯੋਗੀ ਦੇਸ਼ਾਂ ਨੂੰ ਮਜ਼ਬੂਤ ਕਰੇ ਅਤੇ ਅਮਰੀਕੀ ਜਨਤਾ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖੇ।
ਵੈਨੇਜ਼ੁਏਲਾ ‘ਤੇ ਹਮਲੇ ਤੋਂ ਬਾਅਦ ਅਮਰੀਕੀ ਸਿਆਸਤ ਭਖੀ

