* ਖਿੱਤੇ ਵਿਚ ਤਨਾਅ, ਅਸੀਂ ਅਮਰੀਕੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹਾਂ : ਮੈਡੂਰੋ
ਸੈਕਰਾਮੈਂਟੋ, 4 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਫੌਜ ਨੇ ਵੈਨਜ਼ੁਏਲਾ ਤੋਂ ਡਰੱਗ ਲੈ ਕੇ ਆ ਰਹੀ ਇੱਕ ਕਿਸ਼ਤੀ ਨੂੰ ਹਮਲਾ ਕਰਕੇ ਤਬਾਹ ਕਰ ਦਿੱਤਾ ਹੈ। ਇਹ ਕਾਰਵਾਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ‘ਤੇ ਕੀਤੀ ਗਈ ਹੈ। ਇਸ ਹਮਲੇ ਵਿਚ ਕਿਸ਼ਤੀ ਵਿਚ ਸਵਾਰ 11 ਡਰੱਗ ਤਸਕਰ ਮਾਰੇ ਗਏ। ਇਹ ਜਾਣਕਾਰੀ ਟਰੰਪ ਦੇ ਟਰੁੱਥ ਸੋਸ਼ਲ ਮੀਡੀਆ ਉੱਪਰ ਪਾਈ ਇੱਕ ਪੋਸਟ ਵਿਚ ਦਿੱਤੀ ਗਈ ਹੈ। ਪੋਸਟ ਵਿਚ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਫੌਜ ਨੇ ਅੱਤਵਾਦੀ ਸੰਗਠਨ ਟਰੈਨ ਡੇ ਅਰਾਗੁਆ (ਟੀ.ਡੀ.ਏ.) ਨਾਲ ਸਬੰਧਤ ਕਿਸ਼ਤੀ ਨੂੰ ਹਮਲਾ ਕਰਕੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ, ਜਿਸ ਕਿਸ਼ਤੀ ਉੱਪਰ ਡਰੱਗ ਲੱਦੇ ਹੋਏ ਸਨ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਹਮਲੇ ਨੂੰ ਘਾਤਕ ਕਰਾਰ ਦਿੰਦਿਆਂ ਕਿਹਾ ਹੈ ਕਿ ਫੌਜ ਨੇ ਇਹ ਕਾਰਵਾਈ ਦੱਖਣੀ ਕੈਰੀਬੀਅਨ ਸਮੁੰਦਰੀ ਖੇਤਰ ਦੇ ਕੌਮਾਂਤਰੀ ਪਾਣੀਆਂ ਵਿਚ ਕੀਤੀ ਹੈ। ਲਾਤੀਨ ਅਮਰੀਕੀ ਡਰੱਗ ਸੰਗਠਨ ਵਿਰੁੱਧ ਫੌਜ ਦੀ ਵਰਤੋਂ ਨਾਲ ਇਸ ਖੇਤਰ ਵਿਚ ਤਨਾਅ ਪੈਦਾ ਹੋ ਸਕਦਾ ਹੈ ਤੇ ਖਿੱਤੇ ਵਿਚ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਅਮਰੀਕਾ ਨੇ ਟੀ.ਡੀ.ਏ. ਨੂੰ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ। ਟਰੰਪ ਨੇ ਪੋਸਟ ਵਿਚ ਲਿਖਿਆ ਹੈ, ”ਇਹ ਕਾਰਵਾਈ ਹਰ ਉਸ ਵਿਅਕਤੀ ਲਈ ਇਕ ਚਿਤਾਵਨੀ ਹੈ, ਜੋ ਅਮਰੀਕਾ ਵਿਚ ਡਰੱਗ ਲਿਆਉਣ ਬਾਰੇ ਸੋਚ ਰਿਹਾ ਹੈ।” ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮੈਡੂਰੋ ਨੇ ਅਮਰੀਕੀ ਕਾਰਵਾਈ ਬਾਰੇ ਕਿਹਾ ਹੈ ਕਿ ਸਮੁੰਦਰ ਵਿਚ ਅਮਰੀਕੀ ਜਮਾਵੜਾ ਇਸ ਗੱਲ ਦਾ ਸੰਕੇਤ ਹੈ ਕਿ ਟਰੰਪ ਵੈਨਜ਼ੁਏਲਾ ਵਿਚ ਡਰਾ ਧਮਕਾ ਕੇ ਤਖਤਾ ਪਲਟਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਦੇਸ਼ ਦੀ ਫੌਜ ਅਮਰੀਕੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਵੈਨਜ਼ੁਏਲਾ ਤੋਂ ਡਰੱਗ ਲੈ ਕੇ ਆ ਰਹੀ ਕਿਸ਼ਤੀ ਅਮਰੀਕੀ ਫੌਜ ਨੇ ਕੀਤੀ ਤਬਾਹ; 11 ਮੌਤਾਂ
