ਸਰੀ, 14 ਜੂਨ (ਹਰਦਮ ਮਾਨ/ਪੰਜਾਬ ਮੇਲ)- ਬੀਤੇ ਦਿਨ ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਸਿੰਘ ਆਰਟਿਸਟ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਜਰਨੈਲ ਆਰਟ ਗੈਲਰੀ ਸਰੀ ਵਿਚ ਇਕੱਤਰ ਹੋਏ ਮੰਚ ਦੇ ਮੈਂਬਰਾਂ ਨੇ ਜਰਨੈਲ ਸਿੰਘ ਆਰਟਿਸਟ ਨੂੰ ਜਨਮ ਦਿਨ ਦੀ ਮੁਬਾਰਕ ਦਿੰਦਿਆਂ ਉਨ੍ਹਾਂ ਦੀ ਲੰਮੇਰੀ ਅਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜ਼ਿੰਦਗੀ ਪਰਾਇਆ ਧਨ ਨਹੀਂ ਸਗੋਂ ਜ਼ਿੰਦਗੀ ਆਨੰਦ ਮਾਣਨ ਵਾਸਤੇ ਹੈ ਅਤੇ ਅੱਜ ਅਸੀਂ ਜਰਨੈਲ ਸਿੰਘ ਦੇ ਜਨਮ ਦਿਨ ‘ਤੇ ਜ਼ਿੰਦਗੀ ਦਾ ਲੁਤਫ਼ ਉਠਾ ਰਹੇ ਹਾਂ। ਮੋਹਨ ਗਿੱਲ ਨੇ ਆਪਣੇ ਮੁਬਾਰਕੀ ਲਫ਼ਜ਼ਾਂ ਵਿਚ ਕਿਹਾ ਕਿ ਅਸਲ ਵਿਚ ਜਰਨੈਲ ਸਿੰਘ ਆਰਟਿਸਟ ਦੇ ਜਨਮ ਦਿਨ ਦੇ ਬਹਾਨੇ ਅਸੀਂ ਅੱਜ ਦਾ ਦਿਨ ਮਾਣ ਰਹੇ ਹਾਂ। ਅੰਗਰੇਜ਼ ਬਰਾੜ ਅਤੇ ਹਰਦਮ ਮਾਨ ਨੇ ਜਰਨੈਲ ਸਿੰਘ ਆਰਟਿਸਟ ਦੀ ਨਿਮਰ ਸ਼ਖ਼ਸੀਅਤ ਦੀ ਗੱਲ ਕੀਤੀ ਅਤੇ ਜਨਮ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਪੰਜਾਬ ਤੋਂ ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ, ਬਾਬੂਸ਼ਾਹੀ ਡਾਟ ਕਾਮ ਦੇ ਸੰਚਾਲਕ ਤੇ ਨਾਮਵਰ ਪੱਤਰਕਾਰ ਬਲਜੀਤ ਬੱਲੀ ਅਤੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਫੋਨ ਰਾਹੀਂ ਜਰਨੈਲ ਸਿੰਘ ਆਰਟਿਸਟ ਨੂੰ ਜਨਮ ਦਿਨ ਦੀ ਮੁਬਾਰਕ ਦਿੱਤੀ।
ਜਰਨੈਲ ਸਿੰਘ ਆਰਟਿਸਟ ਨੇ ਮੰਚ ਦੇ ਮੈਂਬਰਾਂ ਅਤੇ ਦੋਸਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਵਡੇਰਾ ਸੁਭਾਗ ਪ੍ਰਾਪਤ ਹੈ ਕਿ ਬਹੁਤ ਹੀ ਵਧੀਆ ਦੋਸਤਾਂ ਦਾ ਇਕ ਸੰਸਾਰ ਮੇਰੇ ਨਾਲ ਹੈ ਅਤੇ ਇਹ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਦਾ ਸਬੱਬ ਹੈ।