#PUNJAB

ਵਿਸ਼ਾਲ ਕਪੂਰ ਕਤਲ ਕੇਸ ‘ਚ ਨਵਾਂ ਖ਼ੁਲਾਸਾ: Murder ਦੇ ਦੋਸ਼ੀ ਨਿਹੰਗ ਦੇ ਖ਼ੂਨ ਦੇ ਨਮੂਨੇ ‘ਚੋਂ ਮਿਲਿਆ ਨਸ਼ੀਲਾ ਪਦਾਰਥ

ਫਗਵਾੜਾ,  20 ਜਨਵਰੀ (ਪੰਜਾਬ ਮੇਲ)- ਪਿਛਲੇ ਦਿਨੀਂ ਫਗਵਾੜਾ ਦੇ ਗੁਰਦੁਆਰਾ ਛੇਵੀ ਪਾਤਸ਼ਾਹੀ ਚੌੜਾ ਖੂਹ ਵਿਖੇ ਇੱਕ ਨਿਹੰਗ ਸਿੰਘ ਰਮਨਦੀਪ ਸਿੰਘ ਮੰਗੂਮੱਠ ਵੱਲੋਂ ਬੇਅਦਬੀ ਦੀ ਝੂਠੀ ਕਹਾਣੀ ਦੀ ਆੜ ਵਿਚ ਕੀਤੇ ਗਏ ਨੌਜਵਾਨ ਵਿਸ਼ਾਲ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਵੱਲੋਂ ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ।
ਹੁਣ ਨਵਾਂ ਖ਼ੁਲਾਸਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਪੂਰਥਲਾ ਪੁਲਿਸ ਨੇ ਦੋਸ਼ੀ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਦਾ ਵੀ ਫਗਵਾੜਾ ਸਿਵਲ ਹਸਪਤਾਲ ਦੀ ਲੈਬਾਰਟਰੀ ‘ਚ ਡੋਪ ਟੈਸਟ ਕਰਵਾਇਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਦੇ ਖ਼ੂਨ ਦੇ ਨਮੂਨਿਆਂ ਵਿੱਚ ਬਿਊਪ੍ਰੇਨੋਰਫਾਈਨ, ਬੈਂਜੋਡਾਇਆਜ਼ੇਪੀਨ ਅਤੇ ਮੋਰਫਿਨ ਦੇ ਨਿਸ਼ਾਨ ਮਿਲੇ ਹਨ।
ਦੂਜੇ ਪਾਸੇ ਵਿਸ਼ਾਲ ਕਪੂਰ ਦੀ ਮ੍ਰਿਤਕ ਦੇਹ ਫਗਵਾੜਾ ਨੇੜੇ ਕਰਤਾਰਪੁਰ ਵਾਸੀ ਉਨ੍ਹਾਂ ਦੇ ਚਾਚੇ ਨੂੰ ਸੌਂਪ ਦਿੱਤੀ ਗਈ, ਜਿਨ੍ਹਾਂ ਨੇ ਅੰਤਿਮ ਸੰਸਕਾਰ ਕੀਤਾ। ਉਸ ਦਾ ਚਾਚਾ, ਜੋ ਕਿ ਇੱਕ ਐੱਨ.ਆਰ.ਆਈ. ਹੈ, ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਆਪਣੇ ਭਤੀਜੇ ਦੇ ਸੰਪਰਕ ਵਿਚ ਨਹੀਂ ਸੀ। ਇਸ ਤੋਂ ਪਹਿਲਾਂ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਸੀ ਕਿ ਨਿਹੰਗ ਰਮਨਦੀਪ ਸਿੰਘ ਮੰਗੂਮੱਠ ਨੇ ਫਗਵਾੜਾ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਵਿੱਚ ਸ਼ੋਹਰਤ ਲਈ ਨੌਜਵਾਨ ਦਾ ਕਤਲ ਕੀਤਾ ਸੀ।
ਇਸ ਗੱਲ ਦਾ ਖ਼ੁਲਾਸਾ ਏ.ਡੀ.ਜੀ.ਪੀ. ਢਿੱਲੋਂ ਨੇ ਮ੍ਰਿਤਕ ਦੀ ਪਛਾਣ ਵਿਸ਼ਾਲ ਕਪੂਰ ਪੁੱਤਰ ਦਵਿੰਦਰ ਕਪੂਰ ਵਜੋਂ ਹੋਣ ਮਗਰੋਂ ਕੀਤਾ। ਉਨ੍ਹਾਂ ਕਿਹਾ ਕਿ ਨਿਹੰਗ ਰਮਨਦੀਪ ਸਿੰਘ ਮੰਗੂਮੱਠ ਪੇਸ਼ੇਵਰ ਅਪਰਾਧੀ ਹੈ। ਉਸ ਦੀ ਆਮਦਨ ਦੇ ਸਰੋਤ ਵੀ ਸ਼ੱਕੀ ਹਨ। ਜਿਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਹ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਫੰਡ ਇਕੱਠਾ ਕਰਦਾ ਹੈ ਅਤੇ ਉਹ ਅਪਰਾਧੀ ਮਾਨਸਿਕਤਾ ਵਾਲਾ ਵਿਅਕਤੀ ਹੈ। ਇਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੇ ਦੱਸਿਆ ਕਿ ਉਸ ਨੇ ਨਿਹੰਗ ਪਹਿਰਾਵਾ ਸਿਰਫ਼ ਪੈਸੇ ਇਕੱਠੇ ਕਰਨ ਲਈ ਪਾਇਆ ਹੋਇਆ ਸੀ।
ਜ਼ਿਲ੍ਹਾ ਕਪੂਰਥਲਾ ਪੁਲਿਸ ਨੇ ਮੁਲਜ਼ਮ ਰਮਨਦੀਪ ਸਿੰਘ ਮੰਗੂਮੱਠ ਨੂੰ ਫਗਵਾੜਾ ਦੀ ਅਦਾਲਤ ਵਿਚ ਪੇਸ਼ ਕਰ ਕੇ ਸੱਤ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਜਿਸ ਵਿਚ ਡੂੰਘਾਈ ਨਾਲ ਪੁੱਛਗਿੱਛ ਕਰਨ ਮਗਰੋਂ ਪੁਲਿਸ ਤਹਿ ਤੱਕ ਪਹੁੰਚ ਜਾਵੇਗੀ। ਫਗਵਾੜਾ ਕਿਵੇਂ ਪਹੁੰਚਿਆ ਵਿਸ਼ਾਲ? ਇਸ ਸਬੰਧੀ ਜਦੋਂ ਐੱਸ.ਪੀ. ਫਗਵਾੜਾ ਗੁਰਪ੍ਰੀਤ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਪੁਲਿਸ ਇਸ ਸਬੰਧੀ ਹੀ ਜਾਂਚ ਕਰ ਰਹੀ ਹੈ। ਇਸ ਬਾਰੇ ਵੀ ਜਲਦੀ ਹੀ ਦੱਸਾਂਗੇ।
ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਜੋੜੀ ਜਾਵੇਗੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਫਗਵਾੜਾ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ‘ਚ ਬੇਅਦਬੀ ਦੇ ਸ਼ੱਕ ‘ਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਏ.ਡੀ.ਜੀ.ਪੀ. ਗੁਰਿੰਦਰ ਸਿੰਘ ਢਿੱਲੋਂ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਦਾਅਵਾ ਕੀਤਾ ਸੀ ਕਿ ਗੁਰਦੁਆਰਾ ਸਾਹਿਬ ਵਿਚ ਕੋਈ ਬੇਅਦਬੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਰਮਨਦੀਪ ਖ਼ਿਲਾਫ਼ ਲੁਧਿਆਣਾ ‘ਚ 9 ਮਾਮਲੇ ਦਰਜ ਹਨ। ਉਸ ਖ਼ਿਲਾਫ਼ ਅੰਮ੍ਰਿਤਸਰ ਵਿਚ ਵੀ ਕੇਸ ਦਰਜ ਹੈ।
ਰਮਨਦੀਪ ਵੱਲੋਂ ਕੀਤੇ ਗਏ ਕਾਂਡ ਕਾਰਨ ਉਸ ਦੇ ਘਰ ਦੇ ਆਲੇ-ਦੁਆਲੇ ਸਾਦੇ ਕੱਪੜਿਆਂ ‘ਚ ਪੁਲਿਸ ਪੂਰੀ ਤਰ੍ਹਾਂ ਨਾਲ ਚੌਕਸ ਹੈ। ਪੁਲਿਸ ਵੱਲੋਂ ਉਨ੍ਹਾਂ ਦੇ ਘਰ ‘ਚ ਵੀ ਚੈਕਿੰਗ ਕੀਤੀ ਗਈ ਸੀ। ਹਾਲਾਂਕਿ ਉਥੋਂ ਕੁਝ ਮਿਲਿਆ ਨਹੀਂ ਪਰ ਉਸ ਦੇ ਨਜ਼ਦੀਕੀ ਲੋਕਾਂ ਕੋਲੋਂ ਪੁੱਛਗਿੱਛ ਜ਼ਰੂਰ ਕੀਤੀ ਜਾ ਰਹੀ ਹੈ। ਕਪੂਰਥਲਾ ਪੁਲਿਸ ਦੇ ਨਾਲ ਨਾਲ ਲੁਧਿਆਣਾ ਪੁਲਿਸ ਵੀ ਲੋਕਲ ਪੱਧਰ ‘ਤੇ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਗਵਾੜਾ ਦੇ ਇਕ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੇ ਸ਼ੱਕ ‘ਚ ਨੌਜਵਾਨ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਰਮਨਦੀਪ ਸਿੰਘ ਮੰਗੂਮੱਠ ਨੇ ਭਾਵੇਂ ਪੁਲਿਸ ਸਾਹਮਣੇ ਸਰੰਡਰ ਕਰ ਦਿੱਤਾ ਹੈ ਪਰ ਪੁਲਿਸ ਵੱਲੋਂ ਉਸ ਦੇ ਲੁਧਿਆਣਾ ਸਥਿਤ ਪਿੰਡ ਭੌਰਾ ਵਿਖੇ ਘਰ ਦੀ ਚੈਕਿੰਗ ਕੀਤੀ। ਇਸ ਦੇ ਨਾਲ ਹੀ ਉਸ ਦਾ ਪੁਰਾਣਾ ਅਪਰਾਧਕ ਰਿਕਾਰਡ ਵੀ ਖੰਗਾਲਿਆ ਗਿਆ। ਇਸ ਦੇ ਨਾਲ ਹੀ ਉਸ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਵੀ ਖੰਗਾਲਿਆ ਜਾ ਰਿਹਾ ਹੈ, ਤਾਂ ਜੋ ਪਤਾ ਲੱਗ ਸਕੇ ਕਿ ਉਹ ਕਿਸ-ਕਿਸ ਦੇ ਸੰਪਰਕ ‘ਚ ਹੈ। ਫਿਲਹਾਲ ਪੁਲਿਸ ਨੇ ਤਿੰਨ ਵੀਡੀਓਜ਼ ਨੂੰ ਜਾਂਚ ਲਈ ਫੋਰੈਂਸਿਕ ਮਾਹਰਾਂ ਕੋਲ ਭੇਜ ਦਿੱਤਾ ਹੈ।
ਮੁਲਜ਼ਮ ਰਮਨਦੀਪ ਦਾ ਪੁਲਿਸ ਰਿਕਾਰਡ ‘ਚ ਲੰਬਾ-ਚੌੜਾ ਰਿਕਾਰਡ ਹੈ। ਸਭ ਤੋਂ ਪਹਿਲਾਂ ਉਹ 2018 ‘ਚ ਜ਼ਿਆਦਾ ਚਰਚਾ ‘ਚ ਆਇਆ ਸੀ, ਜਦ ਉਸ ਨੇ ਜਲੰਧਰ ਬਾਈਪਾਸ ਨੇੜੇ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲੀ ਸੀ। ਉਸ ਮਾਮਲੇ ‘ਚ ਮੁਲਜ਼ਮ ‘ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 2016 ‘ਚ ਉਸ ‘ਤੇ ਅਸਲਾ ਐਕਟ ਤਹਿਤ ਵੱਖ-ਵੱਖ ਜ਼ਿਲ੍ਹਿਆਂ ‘ਚ ਤਿੰਨ ਪਰਚੇ ਦਰਜ ਹੋਏ ਸਨ। ਇਸ ਤੋਂ ਬਾਅਦ ਅੰਮ੍ਰਿਤਸਰ ‘ਚ ਜਾਨਲੇਵਾ ਹਮਲਾ ਕਰ ਕੇ ਹੱਥ ਕੱਟਣ ਦਾ
ਇੰਟਰਨੈੱਟ ਮੀਡੀਆ ਅਕਾਊਂਟਸ ਤੇ ਮੈਸੇਂਜਰ ਬਾਕਸ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ‘ਚ ਇਹ ਐਂਗਲ ਵੀ ਜਾਂਚਿਆ ਜਾ ਰਿਹਾ ਹੈ ਕਿ ਰਮਨਦੀਪ ਕਿਹੜੇ ਲੋਕਾਂ ਨਾਲ ਸੰਪਰਕ ‘ਚ ਰਿਹਾ ਹੈ। ਇਸ ਲਈ ਉਸ ਦੇ ਇੰਟਰਨੈੱਟ ਮੀਡੀਆ ਅਕਾਊਂਟਸ, ਵ੍ਹਟਸਐਪ ਤੇ ਮੈਸੇਂਜਰ ਦੇ ਚੈਟ ਬਾਕਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਹੜੇ ਲੋਕਾਂ ਨਾਲ ਚੈਟ ਕਰ ਰਿਹਾ ਸੀ ਤੇ ਕਿਸ ਦੇ ਨਾਲ ਉਸ ਦੀ ਕਾਲਿੰਗ ਜ਼ਿਆਦਾ ਹੋ ਰਹੀ ਸੀ। ਜਿਸ ਫੋਨ ਦੇ ਨਾਲ ਹੱਤਿਆ ਤੋਂ ਪਹਿਲਾਂ ਤੇ ਬਾਅਦ ਦੇ ਵੀਡੀਓ ਬਣਾਏ ਗਏ, ਉਸ ਦੀ ਜਾਂਚ ਵੀ ਪੁਲਿਸ ਕਰ ਰਹੀ ਹੈ।

ਇਨ੍ਹਾਂ ਮਾਮਲਿਆਂ ਕਾਰਨ ਚਰਚਾ ‘ਚ ਰਿਹਾ
-ਜਲੰਧਰ ਦੇ ਕੁੱਲੜ ਪੀਜ਼ਾ ਰੈਸਟੋਰੈਂਟ ਬਾਹਰ ਹੰਗਾਮਾ ਕੀਤਾ
-ਫੁਹਾਰਾ ਚੌਕ ‘ਚ ਹਿੰਦੂ ਨੇਤਾ ਰੋਹਿਤ ਸਾਹਨੀ ਦੇ ਨਾਲ ਇੰਟਰਨੈੱਟ ਮੀਡੀਆ ‘ਤੇ ਬਹਿਸ ਤੋਂ ਬਾਅਦ ਉਨ੍ਹਾਂ ਦੇ ਦਫਤਰ ਹੇਠਾਂ ਹੰਗਾਮਾ ਕਰਨ ਦਾ ਮਾਮਲਾ
-ਅੰਮ੍ਰਿਤਸਰ ਦੇ ਦਰਬਾਰ ਸਾਹਿਬ ‘ਚ ਨਿਹੰਗ ਵਿੱਕੀ ਥਾਮਸ ਨਾਲ ਵਿਵਾਦ ਹੋਇਆ।