#PUNJAB

ਵਿਸ਼ਵ ਬੈਂਕ ਦੇ ਪ੍ਰਧਾਨ ਅਜੈਪਾਲ ਸਿੰਘ ਬੰਗਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਨਤਮਸਤਕ

ਅੰਮ੍ਰਿਤਸਰ, 4 ਫਰਵਰੀ (ਪੰਜਾਬ ਮੇਲ)-ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਜੈਪਾਲ ਸਿੰਘ ਬੰਗਾ ਬੀਤੇ ਦਿਨੀਂ ਅਧਿਕਾਰਤ ਦੌਰੇ ‘ਤੇ ਪਾਕਿਸਤਾਨ ਪਹੁੰਚੇ। ਉਨ੍ਹਾਂ ਨੇ ਆਪਣੀ ਯਾਤਰਾ ਦੇ ਹਿੱਸੇ ਵਜੋਂ ਦੁਪਹਿਰ ਨੂੰ ਆਪਣੇ ਵਫ਼ਦ ਦੇ ਨਾਲ ਜ਼ਿਲ੍ਹਾ ਅਟਕ ਦੇ ਹਸਨ ਅਬਦਾਲ ਸ਼ਹਿਰ ਵਿਚਲੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ। ਪਾਕਿ ਦੇ ਸੰਘੀ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਵੀ ਉਨ੍ਹਾਂ ਦੇ ਨਾਲ ਸਨ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਪਹੁੰਚਣ ‘ਤੇ ਬੰਗਾ ਦਾ ਸਵਾਗਤ ਲਹਿੰਦੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ, ਵਧੀਕ ਸਕੱਤਰ ਮਨੁੱਖੀ ਅਧਿਕਾਰ ਤੇ ਘੱਟ ਗਿਣਤੀ ਮਾਮਲੇ ਹਿੰਜਾਬ ਹੈਦਰ ਅੱਬਾਸ ਵਟੂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਤਵੰਤ ਸਿੰਘ, ਸਿੱਖ ਆਗੂ ਸੰਤੋਖ ਸਿੰਘ, ਰਵਿੰਦਰ ਸਿੰਘ ਜੱਗੀ, ਭੁਪਿੰਦਰ ਸਿੰਘ ਲਵਲੀ, ਜ਼ਿਲ੍ਹਾ ਪੁਲਿਸ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਸਮੇਤ ਸੀਨੀਅਰ ਸਥਾਨਕ ਅਧਿਕਾਰੀ ਹਾਜ਼ਰ ਸਨ। ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ‘ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਪਾਕਿ ਸਿੱਖ ਆਗੂਆਂ ਵੱਲੋਂ ਬੰਗਾ ਨੂੰ ਸਿਰੋਪਾਓ ਤੇ ਤਲਵਾਰ ਭੇਟ ਕੀਤੀ ਗਈ। ਇਸ ਮੌਕੇ ਅਜੈ ਪਾਲ ਸਿੰਘ ਬੰਗਾ, ਸੰਘੀ ਵਿੱਤ ਮੰਤਰੀ ਤੇ ਹੋਰਨਾ ਵਲੋਂ ਪੰਗਤ ‘ਚ ਬੈਠ ਕੇ ਲੰਗਰ ਵੀ ਛਕਿਆ ਗਿਆ। ਹਾਲਾਂਕਿ, ਇਸ ਦੌਰਾਨ ਅਜੈਪਾਲ ਸਿੰਘ ਬੰਗਾ ਨੇ ਇਹ ਕਹਿ ਕੇ ਸੰਬੋਧਨ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਭਾਸ਼ਣ ਨਹੀਂ ਦੇਣਗੇ। ਉੱਚ-ਪ੍ਰੋਫਾਈਲ ਵਫ਼ਦ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੇ ਦੌਰੇ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।