ਸੈਕਰਾਮੈਂਟੋ,ਕੈਲੀਫੋਰਨੀਆ, 2 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਕਾਰਨੇਜੀ ਕਾਰਪੋਰੇਸ਼ਨ ਨਿਊਯਾਰਕ ਵੱਲੋਂ ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੂੰ ਆਪਣੀ ‘ਗਰੇਟ ਇਮੀਗਰਾਂਟਸ-2023’ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਕਾਰਨੇਜੀ ਕਾਰਪੋਰੇਸ਼ਨ ਦੁਆਰਾ ਇਸ ਸੂਚੀ ਵਿਚ ਪ੍ਰਵਾਸੀਆਂ ਦੀ ਚੋਣ ਉਨਾਂ ਦੁਆਰਾ ਅਮਰੀਕਾ ਦੇ ਵਿਕਾਸ ਵਿਚ ਪਾਏ ਯੋਗਦਾਨ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਬੰਗਾ ਜੋ ਇਸ ਸਾਲ ਵਿਸ਼ਵ ਬੈਂਕ ਦੇ 14ਵੇਂ ਪ੍ਰਧਾਨ ਬਣੇ ਸਨ, ਨੂੰ ਵੱਖ ਵੱਖ ਪਿਛੋਕੜ ਤੇ ਖੇਤਰਾਂ ਨਾਲ ਸਬੰਧਤ ਉਨਾਂ 35 ਸਖਸ਼ੀਅਤਾਂ ਵਿਚ ਸ਼ਾਮਿਲ ਕੀਤਾ ਗਿਆ ਹੈ ਜਿਨਾਂ ਦੇ ਕੰਮਾਂ ਤੇ ਯੋਗਦਾਨ ਨੇ ਅਮਰੀਕੀ ਸਮਾਜ ਤੇ ਲੋਕਤੰਤਰ ਨੂੰ ਅਮੀਰ ਤੇ ਮਜਬੂਤ ਕੀਤਾ ਹੈ। ਮਾਣਮਤੀ ਕਾਰਨੇਜੀ ਸੂਚੀ ਵਿਚ ਸ਼ਾਮਿਲ ਹੋਣ ਵਾਲੇ ਬੰਗਾ ਪਹਿਲੇ ਭਾਰਤੀ ਅਮਰੀਕੀ ਹਨ ਜਿਸ ਸੂਚੀ ਵਿਚ 2006 ਤੋਂ ਲੈ ਕੇ ਹੁਣ ਤੱਕ 700 ‘ਗਰੇਟ ਇਮੀਗਰਾਂਟਸ’ ਨੂੰ ਸ਼ਾਮਿਲ ਕੀਤਾ ਜਾ ਚੁੱਕਾ ਹੈ।