-ਚਾਰ ਘੰਟੇ ਪੈਦਲ ਚਲਦਿਆਂ ਢੋਲ ਵਜਾਉਂਦਿਆਂ 10 ਮੀਲ ਸਫਰ ਦੌਰਾਨ 1721 ਪੌਂਡ ਇਕੱਤਰ ਕੀਤੇ
ਬਰਮਿੰਘਮ, 29 ਮਈ (ਮਨਦੀਪ ਖੁਰਮੀ ਹਿੰਮਤਪੁਰਾ/ਪੰਜਾਬ ਮੇਲ)- ਗੁਰਚਰਨ ਮੱਲ ਦੁਨੀਆਂ ਦਾ ਮੰਨਿਆਂ ਪ੍ਰਮੰਨਿਆਂ ਢੋਲ ਪਲੇਅਰ ਹੈ। ਜਿਸ ਨੇ ਪਹਿਲਾਂ ਵੀ ਕਈ ਵਰਲਡ ਰਿਕਾਰਡ ਆਪਣੇ ਨਾਮ ਲਿਖਵਾਏ ਹਨ। ਵਾਲਸਾਲ ਦੇ ਗੁਰੂ ਨਾਨਕ ਗੁਰਦੁਆਰੇ ਦੀਆਂ ਸੰਗਤਾਂ ਵੱਲੋਂ ਚਲਾਈ ਜਾਂਦੇ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਲਈ ਫੰਡ ਇਕੱਠਾ ਕਰਨ ਹਿੱਤ ਲਗਭਗ 10 ਮੀਲ ਤਕਰੀਬਨ 4 ਘੰਟੇ ਪੈਦਲ ਚੱਲ ਕੇ 9 ਕਿੱਲੋ ਦਾ ਢੋਲ ਲਗਾਤਾਰ ਵਜਾ ਕੇ ਸਫ਼ਰ ਤੈਅ ਕੀਤਾ ਅਤੇ ਇੱਕ ਹੋਰ ਵਰਲਡ ਰਿਕਾਰਡ ਬਣਾਇਆ। ਇਸ ਸਫਰ ਦੌਰਾਨ ਸੁਸਾਇਟੀ ਲਈ 1721 ਪੌਂਡ ਇਕੱਠੇ ਕੀਤੇ। 73 ਸਾਲਾ ਗੁਰਚਰਨ ਮੱਲ ਇੱਕ ਵਿਲੱਖਣ ਕਿਸਮ ਦਾ ਇਨਸਾਨ ਹੈ, ਜੋ ਚੈਰਿਟੀ ਲਈ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਯਾਦ ਰਹੇ ਇਹ ਚੈਰਿਟੀ ਇੰਗਲੈਂਡ ਵਿੱਚ ਲੋੜਵੰਦਾਂ ਲਈ ਹਰ ਸਮੇਂ ਲੰਗਰ ਲਈ ਵਚਨਵੱਧ ਹੈ। ਜੋ ਲੋਕ ਬਾਹਰਲੇ ਮੁਲਕਾਂ ਤੋਂ ਆ ਕੇ ਕਿਸੇ ਕਾਰਨ ਇੱਥੇ ਪੱਕੇ ਨਹੀਂ ਵੱਸ ਸਕੇ ਅਤੇ ਨਾ ਹੀ ਵਾਪਸ ਜਾ ਸਕਦੇ ਹਨ। ਜਿਨ੍ਹਾਂ ਦਾ ਗੁਜ਼ਾਰਾ ਸਿਰਫ ਤੇ ਸਿਰਫ ਇਹੋ ਜਿਹੀਆਂ ਸੁਸਾਇਟੀਆਂ ‘ਤੇ ਨਿਰਭਰ ਹੈ। ਫੋਟੋ ਵਿਚ ਗੁਰਚਰਨ ਮੱਲ ਨਾਲ ਉਸਦੀ ਟੀਮ, ਸੰਗਤ ਤੋਂ ਇਲਾਵਾ ਨਾਮਵਰ ਸਿੰਗਰ ਨਿਰਮਲ ਸਿੱਧੂ ਅਤੇ ਖੇਡ ਪ੍ਰਮੋਟਰ ਅਤੇ ਟੀ.ਵੀ. ਪੇਸ਼ਕਾਰ ਸਰਦਾਰ ਅਜੈਬ ਸਿੰਘ ਵੀ ਇਸ ਕਾਰਜ ਵਿਚ ਸਾਥੀ ਬਣੇ।
ਵਿਸ਼ਵ ਪ੍ਰਸਿੱਧ ਢੋਲ ਵਾਦਕ ਗੁਰਚਰਨ ਮੱਲ ਤੇ ਸਾਥੀਆਂ ਵੱਲੋਂ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਲਈ ਫੰਡ ਇਕੱਠਾ ਕੀਤਾ
