#AMERICA

ਵਿਵੇਕ ਰਾਮਸਵਾਮੀ ਓਹਾਇਓ ਦੇ ਗਵਰਨਰ ਦੇ ਅਹੁਦੇ ਲਈ ਚੋਣ ਲੜਨ ਦੀ ਬਣਾ ਰਿਹੈ ਯੋਜਨਾ

ਵਾਸ਼ਿੰਗਟਨ, 18 ਜਨਵਰੀ (ਪੰਜਾਬ ਮੇਲ)- ਭਾਰਤੀ-ਅਮਰੀਕੀ ਨੇਤਾ ਵਿਵੇਕ ਰਾਮਾਸਵਾਮੀ ਓਹੀਓ ਦੇ ਗਵਰਨਰ ਅਹੁਦੇ ਦੀ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਕਈ ਮੀਡੀਆ ਰਿਪੋਰਟਾਂ ਵਿਚ ਦਿੱਤੀ ਗਈ। ਰਾਮਾਸਵਾਮੀ ਨੇ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਰਿਪਬਲਿਕਨ ਪਾਰਟੀ ਤੋਂ ਆਪਣੀ ਉਮੀਦਵਾਰੀ ਪੇਸ਼ ਕੀਤੀ ਸੀ। ਰਾਮਾਸਵਾਮੀ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਕਰੀਬੀ ਮੰਨਿਆ ਜਾਂਦਾ ਹੈ।
ਟਰੰਪ ਨੇ ਉਨ੍ਹਾਂ ਨੂੰ ਸ਼ਾਸਨ ਵਿਚ ਸੁਧਾਰ ਲਿਆਉਣ ਲਈ ਟੇਸਲਾ ਦੇ ਮਾਲਕ ਐਲਨ ਮਸਕ ਨਾਲ ਕੰਮ ਕਰਨ ਦੀ ਜ਼ਿੰਮੇਦਾਰੀ ਸੌਂਪੀ ਹੈ। ‘ਵਾਸ਼ਿੰਗਟਨ ਪੋਸਟ’ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਰਾਮਾਸਵਾਮੀ, ਓਹਾਇਓ ਦੇ ਗਵਰਨਰ ਦੇ ਅਹੁਦੇ ਲਈ ਚੋਣ ਲੜਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਹ ਜਲਦੀ ਹੀ ਇਸਦਾ ਐਲਾਨ ਕਰ ਸਕਦੇ ਹਨ। ਰਾਮਾਸਵਾਮੀ ਦੀ ਇਸ ਯੋਜਨਾ ਤੋਂ ਜਾਣੂ ਉਨ੍ਹਾਂ ਦੇ ਇਕ ਕਰੀਬੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ, ”ਉਹ (ਰਾਮਾਸਵਾਮੀ) ਜਲਦੀ ਹੀ ਗਵਰਨਰ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਨਗੇ।” ਉਨ੍ਹਾਂ ਕਿਹਾ, ‘ਘੋਸ਼ਣਾ ਪੱਤਰ ਦਾ ਖਰੜਾ ਤਿਆਰ ਹੈ।’ ਜੇਕਰ ਉਹ ਚੁਣੇ ਜਾਂਦੇ ਹਨ, ਤਾਂ ਉਹ ਓਹਾਇਓ ਦੇ ਗਵਰਨਰ ਮਾਈਕ ਡੇਵਿਨ ਦੀ ਥਾਂ ਲੈਣਗੇ। ਓਹਾਇਓ ਵਿਚ ਚੋਣਾਂ ਨਵੰਬਰ 2026 ਵਿਚ ਹੋਣੀਆਂ ਹਨ।