#CANADA

‘ਵਿਰਸਾ ਫਾਊਂਡੇਸ਼ਨ’ ਐਬਸਫੋਰਡ ਵੱਲੋਂ ਵਿਰਾਸਤੀ ਮਿਲਣੀ ‘ਚ ਨਾਮਵਰ ਸ਼ਖਸੀਅਤਾਂ ਦਾ ਸਨਮਾਨ

ਦੋਹਾਂ ਪੰਜਾਬਾਂ ਦੇ ਲੇਖਕਾਂ ਦੀਆਂ ਪੰਜ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ
ਐਬਟਸਫੋਰਡ, 29 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ‘ਵਿਰਸਾ ਫਾਊਂਡੇਸ਼ਨ’ ਐਬਸਫੋਰਡ ਵੱਲੋਂ ਸ਼ਾਨਦਾਰ ਉਪਰਾਲਾ ਕਰਦਿਆਂ, ਧਰਮਵੀਰ ਕੌਰ, ਦਵਿੰਦਰ ਬਚਰਾ, ਬਲਜਿੰਦਰ ਕੌਰ ਸੰਧੂ ਦੀ ਰਹਿਨੁਮਾਈ ਵਿਚ ਸਾਂਝੇ ਯਤਨਾਂ ਰਾਹੀਂ ਐਬਸਫੋਰਡ ਸਥਿਤ ਫਾਰਮ ਹਾਊਸ ‘ਤੇ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਪੰਜਾਬੀ ਸੱਭਿਆਚਾਰ ਦੇ ਸਾਜੋ-ਸਮਾਨ ਨਾਲ ਸਜਾਏ ਖੂਬਸੂਰਤ ਮੰਚ ਉਪਰ, ਸਭਿਆਚਾਰਕ ਪੌਸ਼ਾਕਾਂ ਵਿਚ ਸਜੀਆਂ ਕੈਨੇਡੀਅਨ ਪੰਜਾਬਣਾਂ ਨੇ ਲੋਕ ਬੋਲੀਆਂ ਤੇ ਗਿੱਧੇ ਨਾਲ ਵਿਰਾਸਤੀ ਮਿਲਣੀ ਨੂੰ ਚਾਰ ਚੰਦ ਲਾਉਂਦਿਆਂ, ਪੰਜਾਬੀ ਵਿਰਸੇ ਤੇ ਸਭਿਆਚਾਰ ਦੀ ਅਮੀਰੀ ਨੂੰ ਉਜਾਗਰ ਕੀਤਾ। ਮਰਹੂਮ ਆਰਟਿਸਟ ਜਰਨੈਲ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਦੌਰਾਨ, ਉਹਨਾਂ ਦੇ ਪਰਿਵਾਰ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਤਿਕਾਰ ਦਿੱਤਾ ਗਿਆ।
ਸਮਾਗਮ ਦੌਰਾਨ ਸਾਹਿਤ, ਸੱਭਿਆਚਾਰ ਅਤੇ ਮੀਡੀਏ ਨੂੰ ਸਮਰਪਿਤ ਲੇਖਕਾਂ, ਪੱਤਰਕਾਰਾਂ ਤੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ। ਫਾਊਂਡੇਸ਼ਨ ਵੱਲੋਂ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਮਾਨਵੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਬਦਲੇ ‘ਹਿਊਮਨ ਰਾਈਟਸ ਐਕਟਵਿਸਟ’ ਵਜੋਂ ਸਨਮਾਨਿਤ ਕੀਤਾ ਗਿਆ। ਡਾ. ਧਾਲੀਵਾਲ ਨੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ, ਜ਼ੁਲਮ ਖਿਲਾਫ ਡਟਣ ਅਤੇ ਮਨੁੱਖੀ ਹੱਕਾਂ ਲਈ ਖੜ੍ਹਨ ਦਾ ਸੁਨੇਹਾ ਦਿੱਤਾ। ਸਨਮਾਨਿਤ ਲਿਖਾਰੀਆਂ ਵਿੱਚ ਡਾ. ਗੁਰਮਿੰਦਰ ਸਿੱਧੂ, ਹਰਕੀਰਤ ਕੌਰ ਚਾਹਲ, ਪ੍ਰੋ ਹਰਿੰਦਰ ਕੌਰ ਸੋਹੀ, ਸੁਖਜੀਤ ਕੌਰ ਹੁੰਦਲ, ਨਵਤੇਜ ਭਾਰਤੀ, ਗੁਰਦੀਪ ਸਿੰਘ ਭੁੱਲਰ, ਜਸਬੀਰ ਕੌਰ ਮਾਨ, ਮੋਹਨ ਬਚੜਾ, ਅਜਮੇਰ ਰੋਡੇ, ਮਨਜੀਤ ਗਿੱਲ, ਬਿੰਦੂ ਮਠਾੜੂ, ਬਲਵੀਰ ਕੌਰ ਢਿੱਲੋਂ, ਜੱਸ ਮਲਕੀਤ, ਜੈਜ ਗਿੱਲ, ਹਰਸ਼ਰਨ ਕੌਰ, ਸ਼ੈਰੀ, ਪ੍ਰੀਤਪਾਲ ਕੌਰ ਪੂਨੀ ਅਟਵਾਲ, ਸੁਰਿੰਦਰ ਕੌਰ ਕੋਟਲੀ, ਸੁਰਜੀਤ ਕਲਸੀ, ਗੁਰਨੂਰ ਸਿੱਧੂ, ਪੱਤਰਕਾਰ ਸਿਮਰਨ ਸਿੰਘ ਸਿਆਟਲ, ਐਂਡੀ ਸਿੱਧੂ, ਹਰਕੀਰਤ ਸਿੰਘ, ਗੁਰਸੇਵ ਸਿੰਘ ਪੰਧੇਰ, ਸੁਖਵਿੰਦਰ ਸਿੰਘ ਚੋਹਲਾ, ਜਰਨੈਲ ਸਿੰਘ ਖੰਡੋਲੀ ਜੀਕੇਐਮ ਟੀਵੀ ਤੇ ਹੋਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।
ਪ੍ਰਬੰਧਕ ਬੀਬੀ ਧਰਮਵੀਰ ਕੌਰ ਧਾਲੀਵਾਲ ਨੇ ਦੱਸਿਆ ਕਿ ਵਿਰਸਾ ਫਾਊਂਡੇਸ਼ਨ ਵਲੋਂ 9ਵਾਂ ਸਾਲਾਨਾ ਮੇਲਾ ਇਸੇ ਥਾਂ ‘ਤੇ 9 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਡਾ. ਬਲਵਿੰਦਰ ਕੌਰ ਬਰਾੜ, ਬਚਿੰਤ ਕੌਰ ਬਰਾੜ ਤੇ ਸਰਬਜੀਤ ਮਾਂਗਟ ਸਮੇਤ ਪ੍ਰਸਿਧ ਵਿਦਵਾਨ/ਕਲਾਕਾਰ ਪੁੱਜ ਰਹੇ ਹਨ।
ਵਿਰਾਸਤੀ ਮਿਲਣੀ ਵਿੱਚ ਲਹਿੰਦੇ ਪੰਜਾਬ ਦੀ ਪ੍ਰਸਿੱਧ ਲੇਖਿਕਾ ਡਾ. ਆਸਮਾ ਕਾਦਰੀ ਦੀ ਪੁਸਤਕ ‘ਜਿਮੀਂ ਪੁੱਛੇ ਅਸਮਾਨ’, ਡਾ ਰਿਸ਼ੀ ਸਿੰਘ ਤੇ ਸੰਦੀਪ ਸ਼ੰਕਰ ਦੀ ਇਤਿਹਾਸਕ ਪੁਸਤਕ ‘ਸਿੱਖ ਹੈਰੀਟੇਜ’, ਚੜ੍ਹਦੇ ਪੰਜਾਬ ਦੀ ਮਨਜੀਤ ਕੌਰ ਗਿੱਲ ਦੀ ਪੁਸਤਕ ‘ਵਿਰਸੇ ਦਾ ਸੰਦੂਕ’, ਹਰਪ੍ਰੀਤ ਧਾਲੀਵਾਲ ਦੀ ਪੁਸਤਕ ‘ਸੈਲਫ ਇੰਪਾਵਰਮੈਂਟ’ ਤੇ ਡਾ. ਸੁਦਰਸ਼ਨ ਭਗਤ ਤੇ ਡਾ. ਨਿਸ਼ਾ ਡੋਗਰਾ ਦੀ ਪੁਸਤਕ ‘ਸਿਹਤ ਵੇਲਾ’ ਲੋਕ ਅਰਪਣ ਕੀਤੀਆਂ ਗਈਆਂ ਅਤੇ ਇਨ੍ਹਾਂ ਕਿਤਾਬਾਂ ਦੀ ਅਹਿਮੀਅਤ ਬਾਰੇ ਖੂਬਸੂਰਤ ਸ਼ਬਦਾਂ ਰਾਹੀਂ ਚਾਨਣਾ ਪਾਇਆ ਗਿਆ।