ਸੈਕਰਾਮੈਂਟੋ,ਕੈਲੀਫੋਰਨੀਆ, 16 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਰਾਸ਼ਟਰਪਤੀ ਅਹੁੱਦੇ ਲਈ ਰਿਪਬਲੀਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਐਸ਼ਬਰਨ, ਵਿਰਜੀਨੀਆ ਸਥਿੱਤੀ ਚੋਣ ਮੁਹਿੰਮ ਦਫਤਰ ਵਿਚ ਚੋਰ ਵੱਲੋਂ ਸਨ ਲਾਉਣ ਦੀ ਖਬਰ ਹੈ। ਮਾਮਲੇ ਦੀ ਲਾਅ ਇਨਫੋਰਸਮੈਂਟ ਅਫਸਰ ਜਾਂਚ ਕਰ ਰਹੇ ਹਨ। ਲੌਡਾਊਨ ਕਾਊਂਟੀ ਸ਼ੈਰਿਫ ਦੇ ਦਫਤਰ ਅਨੁਸਾਰ ਰਾਤ 9 ਵਜੇ ਦੇ ਆਸਪਾਸ ਦਫਤਰ ਵਿਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ ਜੋ ਦਫਤਰ ਟਰੰਪ ਦੇ ਚੋਣ ਮੁਹਿੰਮ ਸੰਚਾਲਕਾਂ ਨੇ ਪਟੇ ਉਪਰ ਲਿਆ ਹੈ ਤੇ ਇਸ ਦਫਤਰ ਨੂੰ ਵਿਰਜੀਨੀਆ ਟੈਂਥ ਡਿਸਟ੍ਰਿਕਟ ਰਿਪਬਲੀਕਨ ਕਮੇਟੀ ਵੱਲੋਂ ਆਪਣੇ ਹੈੱਡਕੁਆਰਟਰ ਵਜੋਂ ਵੀ ਵਰਤਿਆ ਜਾ ਰਿਹਾ ਹੈ। ਜਾਂਚਕਾਰ ਪੁਲਿਸ ਅਫਸਰਾਂ ਨੇ ਕਿਹਾ ਹੈ ਕਿ ਉਨਾਂ ਨੇ ਘਟਨਾ ਦੀ ਸੀ ਸੀ ਟੀ ਵੀ ਵੀਡੀਓ ਪ੍ਰਾਪਤ ਕਰ ਲਈ ਹੈ ਜਿਸ ਵਿਚ ਚੋਰ ਦਫਤਰ ਵਿਚ ਨਜਰ ਆ ਰਿਹਾ ਹੈ ਤੇ ਉਸ ਨੇ ਕਾਲੇ ਰੰਗ ਦੇ ਕਪੜੇ ਪਾਏ ਹਨ ਤੇ ਕਾਲੀ ਟੋਪੀ ਲਈ ਹੋਈ ਹੈ ਤੇ ਇਕ ਬੈਗ ਲਟਕਾਇਆ ਹੋਇਆ ਹੈ। ਸ਼ੈਰਿਫ ਮਾਈਕ ਚੈਪਮੈਨ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਕਿਸੇ ਰਾਜਸੀ ਪਾਰਟੀ ਦੇ ਦਫਤਰ ਵਿਚ ਇਸ ਤਰਾਂ ਦੀ ਸਨ ਲੱਗਣ ਦੀ ਇਹ ਇਕ ਟਾਵੀਂ-ਵਿਰਲੀ ਘਟਨਾ ਹੈ। ਅਸੀਂ ਸ਼ੱਕੀ ਦੀ ਪਛਾਣ ਕਰਨ ਲਈ ਦ੍ਰਿੜ ਹਾਂ ਤੇ ਇਹ ਘਟਨਾ ਕਿਉਂ ਵਾਪਰੀ ਇਸ ਦੀ ਵੀ ਜਾਂਚ ਹੋ ਰਹੀ ਹੈ। ਜਾਂਚਕਾਰ ਸ਼ੱਕੀ ਦੀ ਪਛਾਣ ਲਈ ਆਮ ਜਨਤਾ ਤੋਂ ਮੱਦਦ ਲੈ ਰਹੇ ਹਨ। ਉਨਾਂ ਕਿਹਾ ਕ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਚੋਰ ਦਫਤਰ ਵਿਚੋਂ ਕੀ ਲੈ ਕੇ ਗਿਆ ਹੈ।