#AMERICA

ਵਿਪਸਾਅ ਵੱਲੋਂ ਲਾਜ ਨੀਲਮ ਸੈਣੀ ਦੇ ਨਾਵਲ ‘ਅਲਵਿਦਾ!… ਕਦੇ ਵੀ ਨਹੀਂ’ ਉੱਪਰ ਸਾਹਿਤਕ ਸਮਾਗਮ

-ਕਿਤਾਬ ਨੂੰ ਸਾਹਿਤ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ
ਹੇਵਰਡ, 7 ਮਈ (ਪੰਜਾਬ ਮੇਲ)- ਬੀਤੇ ਐਤਵਾਰ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵਲੋਂ ਲੇਖਿਕਾ ਲਾਜ ਨੀਲਮ ਸੈਣੀ ਦੇ ਮੂਲਕ ਆਤਮ ਜੀਵਨੀ ਨਾਵਲ ‘ਅਲਵਿਦਾ!… ਕਦੇ ਵੀ ਨਹੀਂ’ ਉੱਪਰ ਕਰਵਾਇਆ ਗਿਆ ਸਾਹਿਤਕ ਸਮਾਗਮ ਬਹੁਤ ਸਫ਼ਲ ਰਿਹਾ।  ਕੁਲਵਿੰਦਰ ਨੇ ਸਮਾਗਮ ਦੇ ਆਰੰਭ ਵਿਚ ਸਭ ਨੂੰ ਜੀ ਆਇਆਂ ਕਿਹਾ ਅਤੇ ਇਸ ਸਾਲ ਹੋਣ ਵਾਲੇ ਹੋਰ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ। ਹਾਜ਼ਰ ਸਾਹਿਤਕਾਰਾਂ ਨੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਗ਼ਜ਼ਲਕਾਰ ਨਦੀਮ ਪਰਮਾਰ, ਪਸ਼ੌਰਾ ਸਿੰਘ ਢਿੱਲੋਂ ਅਤੇ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਪਹਿਲਗਾਮ ਵਿਚ ਮਾਰੇ ਗਏ ਨਿਰਦੋਸ਼ਾਂ ਨੂੰ ਕੁਝ ਪਲ ਮੋਨ ਰੱਖਕੇ ਸ਼ਰਧਾਂਜਲੀ ਭੇਟ ਕੀਤੀ। ਜਗਜੀਤ ਨੌਸ਼ਹਿਰਵੀ ਨੇ ਕਿਹਾ, ਅਸੀਂ ਦੁਆ ਕਰਦੇ ਹਾਂ ਕਿ ਸਰਹੱਦ ਦੇ ਦੋਵੇਂ ਪਾਸੇ ਅਮਨ ਰਹੇ ਅਤੇ ਲੋਕ ਖੁਸ਼ਹਾਲ ਵੱਸਣ।
ਸੁਖਦੇਵ ਸਾਹਿਲ ਨੇ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਦਾ ਗਾਇਨ ਕਰਕੇ ਹੋਣ ਜਾ ਰਹੀ ਸਾਹਿਤਕ ਵਿਚਾਰ ਚਰਚਾ ਲਈ ਸੰਜੀਦਾ ਮਾਹੌਲ ਤਿਆਰ ਕੀਤਾ।
ਸਮਾਗਮ ਦੀ ਪ੍ਰਧਾਨਗੀ ਸਰਬਜੀਤ ਸਿੰਘ ਗਿੱਲ, ਡਾ. ਸੁਖਵਿੰਦਰ ਕੰਬੋਜ, ਵਿਪਸਾਅ ਪ੍ਰਧਾਨ ਕੁਲਵਿੰਦਰ, ਲਾਜ ਨੀਲਮ ਸੈਣੀ, ਹਰਜਿੰਦਰ ਸਿੰਘ ਪੰਧੇਰ ਅਤੇ ਤਾਰਾ ਸਿੰਘ ਸਾਗਰ ਨੇ ਕੀਤੀ। ਲਾਜ ਨੀਲਮ ਨੇ ਕਿਤਾਬ ਦੀ ਪਿੱਠਭੂਮੀ, ਲਿਖਣ ਪ੍ਰੇਰਣਾ, ਅਤੇ ਪ੍ਰਕਿਰਿਆ ਬਾਰੇ ਆਪਣਾ ਪੱਖ ਸਰੋਤਿਆਂ ਸਾਹਮਣੇ ਰੱਖਿਆ। ਉਸਨੇ ਕਿਹਾ ਕਿ ਇਹ ਨਾਵਲ ਲਿਖਦਿਆਂ ਮੇਰਾ ਦਰਦ ਅੱਥਰੂ ਬਣ ਕੇ ਵਗਦਾ ਹੋਇਆ ਸ਼ਬਦਾਂ ਦਾ ਰੂਪ ਧਾਰਨ ਕਰ ਲੈਂਦਾ, ਲਾਜ ਅੱਖਰ-ਅੱਖਰ ਹੁੰਦਾ ਮੇਰੇ ਨਾਲ਼ ਤੁਰ ਪੈਂਦਾ, ਸ਼ਬਦ ਅੱਗੇ ਦੌੜਨ ਲੱਗਦੇ, ਮੈਂ ਪਿੱਛੇ ਰਹਿ ਜਾਂਦੀ। ਇਸ ਲਿਖਣ ਤਜ਼ਰਬੇ ਵਿਚੋਂ ਮੈਨੂੰ ਨਵੀਂ ਜੀਵਨ ਸ਼ਕਤੀ ਮਿਲੀ ਹੈ। ਪ੍ਰੋ. ਬਲਜਿੰਦਰ ਸਵੈਚ ਨੇ ਨਾਵਲ ਦਾ ਸਾਹਿਤਕ ਮੁਲਾਂਕਣ ਕਰਦਾ ਆਪਣਾ ਪਰਚਾ ‘ਸਾਕਾਰਾਤਮਿਕ ਮਨੋ-ਸਥਿਤੀਆਂ ਦਾ ਬਿਰਤਾਂਤ – ਅਲਵਿਦਾ!… ਕਦੇ ਵੀ ਨਹੀਂ’ ਪੜ੍ਹਿਆ। ਉਨ੍ਹਾਂ ਨੇ ਨਾਵਲ ‘ਤੇ ਚਰਚਾ ਛੇੜਦੇ ਕਿਹਾ ਕਿ ”ਇਸ ਨਾਵਲ ਦਾ ਬਿਰਤਾਂਤ ਲਗਾਤਾਰ ਮਨੁੱਖੀ ਜੀਵਨ ਦੇ ਸੱਚ ਤੇ ਉਸ ਦੇ ਦਾਰਸ਼ਨਿਕ ਆਧਾਰਾਂ ਨੂੰ ਇਕ ਦੂਜੇ ਵਿਚ ਵਿਉਂਤ ਕੇ ਪੇਸ਼ ਕਰਦਾ ਹੈ। ਸਿਮਰਤੀਆਂ ਰਾਹੀਂ ਅਤੀਤ ਨੂੰ ਵਰਤਮਾਨ ਵਿਚ ਹਾਜ਼ਰ ਕਰ ਲੈਣਾ ਅਤੇ ਉਸ ਦੀ ਹਾਜ਼ਰੀ ਨਾਲ ਵਰਤਮਾਨ ਦੇ ਸੰਤਾਪ ਨੂੰ ਸਾਕਾਰਾਤਮਿਕ ਰੂਪ ਵਿਚ ਨਵੇਂ ਅਰਥ ਦੇਣਾ ਇਸ ਨਾਵਲ ਦੇ ਬਿਰਤਾਂਤ ਦੀ ਬਹੁਤ ਮਹੱਤਵਪੂਰਨ ਵਿਧੀ ਹੈ। ਔਰਤ ਨਾਵਲਕਾਰ ਹੋਣ ਦੇ ਬਾਵਜੂਦ ਨਾਰੀ ਵਾਦੀ ਦ੍ਰਿਸ਼ਟੀ ਦੇ ਬੋਝ ਤੋਂ ਮੁਕਤ ਹੋ ਕੇ ਔਰਤ-ਮਰਦ ਦੇ ਮੋਹ ਵੰਨੇ ਰਿਸ਼ਤੇ ਦੀ ਬਰੀਕੀ ਨਾਲ ਪੇਸ਼ਕਾਰੀ ਅਤੇ ਘਰ ਪਰਿਵਾਰ ਤੇ ਸਵੈ ਦੇ ਸੰਤੁਲਿਤ ਰਿਸ਼ਤੇ ਨਾਵਲ ਦੇ ਬਿਰਤਾਂਤ ਦੀ ਖ਼ਾਸ ਰੰਗ ਪ੍ਰਦਾਨ ਕਰਦੇ ਹਨ।”
ਸੁਰਿੰਦਰ ਸੀਰਤ ਨੇ ਇਸ ਕਿਤਾਬ ਵਿਚਲੇ ਵਾਰਤਾਲਾਪ, ਵਿਸ਼ੇ ਅਤੇ ਭਾਸ਼ਾ ਨੂੰ ਸਰਾਹਿਆ। ਉਨ੍ਹਾਂ ਕਿਹਾ, ਸਿਰਫ ਸੱਚ ਹੀ ਸਾਹਿਤ ਨਹੀਂ ਹੁੰਦਾ ਪਰ ਸੱਚ ਨੂੰ ਕਾਲਪਨਿਕ ਰੂਪ ਦੇ ਕੇ ਕਿਸੇ ਹੋਰ ਰੰਗ ਵਿਚ ਯਥਾਰਥ ਨੂੰ ਪੇਸ਼ ਕਰਨਾ ਸਾਹਿਤ ਹੈ। ਨੀਲਮ ਵਲੋਂ ਨਾਵਲ ਵਿਚਲੇ ਵਾਰਤਾਲਾਪ ਵਿਚ ਸਾਹਿਤ ਦਾ ਯਥਾਰਥ ਬੜੇ ਕਲਾਤਮਕ ਤਰੀਕੇ ਨਾਲ ਪੇਸ਼ ਕੀਤਾ। ਇਸ ਕਰਕੇ ਇਹ ਕਿਤਾਬ ਨੀਲਮ ਦੀ ਅਤੇ ਵਿਪਸਾਅ ਦੀ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਇਸ ਖ਼ੂਬਸੂਰਤ ਰਚਨਾ ਲਈ ਲਾਜ ਨੀਲਮ ਨੂੰ ਵਧਾਈ ਦਿੱਤੀ। ਲਖਵਿੰਦਰ ਕੌਰ ਲੱਕੀ ਨੇ ਕਿਹਾ ਕਿ ਉਸ ਨੇ ਇਸ ਨਾਵਲ ਵਿਚਲੇ ਕਥਾਸਾਰ, ਪਾਤਰਾਂ ਅਤੇ ਪਿੱਠਭੂਮੀ ਨਾਲ ਬਹੁਤ ਆਈਡੰਟੀਫਾਈ ਕੀਤਾ ਹੈ ਅਤੇ ਨਾਵਲ ਪੜ੍ਹਦਿਆਂ ਬਹੁਤ ਵਾਰ ਭਾਵੁਕ ਹੋਈ ਹੈ। ਪ੍ਰਿੰ. ਹਰਿੰਦਰਪਾਲ ਕੌਰ ਸੰਧੂ ਨੇ ਲਾਜ ਨੀਲਮ ਵੱਲੋਂ ਅਮਰੀਕੀ ਸਮਾਜਿਕ ਸਥਿਤੀਆਂ ਦੇ ਮੱਦੇਨਜ਼ਰ ਪਰਿਵਾਰਿਕ ਇਕਾਈ (ਪਤੀ ਪਤਨੀ) ਅਤੇ ਰਿਸ਼ਤਿਆਂ ਦੀ ਪਾਕੀਜ਼ਗੀ ਦੇ ਹੱਕ ਵਿਚ ਖੜ੍ਹਨ ਲਈ ਨਾਵਲ ਦੀ ਪ੍ਰਸ਼ੰਸਾ ਕੀਤੀ। ਬਲਵਿੰਦਰ ਕੌਰ ਮੰਡ ਨੇ ਕਿਹਾ ਕਿ ਨੀਲਮ ਨੇ ਬੜੇ ਸਲੀਕੇ ਨਾਲ਼ ਆਪਣੀ ਜ਼ਿੰਦਗੀ ਸਾਡੇ ਨਾਲ਼ ਸਾਂਝੀ ਕੀਤੀ ਹੈ। ਉਸ ਨੇ ਇਹ ਨਾਵਲ ਲਿਖ ਕੇ ‘ਲਾਜ ਸੈਣੀ’ ਨੂੰ ਰਹਿੰਦੀ ਦੁਨੀਆਂ ਤੱਕ ਅਮਰ ਕਰ ਦਿੱਤਾ ਹੈ। ਉਨ੍ਹਾਂ ਹਰ ਚੈਪਟਰ ਦੇ ਸ਼ੁਰੂ ਅਤੇ ਅੰਤ ਵਿਚ ਪਤੀ ਪਤਨੀ ਵਿਚਾਲੇ ਹੋਏ ਵਾਰਤਾਲਾਪ ਦੀ ਵਿਧੀ ਨੇ ਨਾਵਲ ਨੂੰ ਹੋਰ ਵੀ ਦਿਲਚਸਪ ਬਣਾਇਆ ਹੈ। ਇਸ ਉੱਦਮ ਲਈ ਇਹ ਵਧਾਈ ਦੀ ਹੱਕਦਾਰ ਹੈ।
ਅਮਰਜੀਤ ਕੌਰ ਪੰਨੂ ਨੇ ਕਿਹਾ ਕਿ ਨਾਵਲ ਪੜ੍ਹਦਿਆਂ ਕਈ ਵਾਰ ਘੋਰ ਉਦਾਸੀ ਅਤੇ ਕਦੇ ਖੁਸ਼ੀ ਦੇ ਭਾਵ ਮਹਿਸੂਸ ਹੋਏ ਹਨ, ਅੱਖਾਂ ਨੀਰੋ-ਨੀਰ ਹੋ ਜਾਂਦੀਆਂ ਰਹੀਆਂ ਹਨ। ਨੀਲਮ ਜ਼ਿੰਦਗੀ ਵਿਚ ਆਏ ਤੁਫਾਨ ਦੀ ਕੜਕਦੀ ਬਿਜਲੀ ਦੀ ਅੱਗ ਵਿਚੋਂ ਇਕ ਕੁਕਨਸ ਦੀ ਤਰ੍ਹਾਂ ਆਪਣੇ ਪਰਾਂ ਨੂੰ ਤੋਲਦੀ ਹੋਈ ਉਭਰ ਕੇ ਸਾਹਮਣੇ ਆਈ ਹੈ। ਨਾਵਲ ਵਿਚ ਮੈਟਾਫਰ ਅਤੇ ਰੂਪਾਂਤਰ ਤਕਨੀਕਾਂ ਬੜੇ ਸੋਹਜ ਨਾਲ ਵਰਤੀਆਂ ਹਨ।
ਸ਼ਾਇਰਾ ਸੁਰਜੀਤ ਸਖੀ ਨੇ ਕਿਹਾ ਕਿ ਲੇਖਿਕਾ ਦਾ ਸਵੈ-ਚਿੰਤਨ ਕਰਨਾ, ਸਾਹਿਤ ਦਾ ਆਸਰਾ ਲੈ ਕੇ ‘ਲਾਜ’ ਦੀਆਂ ਸਿਮਰਤੀਆਂ ਨਾਲ ਜੁੜਨਾ ਅਤੇ ਮਹਿਸੂਸ ਕਰਨਾ ਕਿ ਜੀਵਨ ਰੂਪੀ ਟ੍ਰੇਨ ਵਿਚ ‘ਲਾਜ’ ਮੁੜ ਕੇ ਉਸ ਨਾਲ਼ ਹੈ, ਜੀਵਨ ਲਈ ਇੱਕ ਸ਼ੁਭ ਸੰਕੇਤ ਹੈ, ਅਤੇ ਨੀਲਮ ਦੀ ਸਿਰਜਣ ਪ੍ਰਕ੍ਰਿਆ ਵੱਲ ਵਾਪਸੀ ਕਰਕੇ ਉਸਦਾ ਸਾਹਿਤ ਨਾਲ ਜੁੜਨਾ ਸਕਾਰਥ ਹੋ ਜਾਂਦਾ ਹੈ।
ਇਸ ਤੋਂ ਬਾਅਦ ਕਮਲਜੀਤ ਸਿੰਘ ਧਾਮੀ, ਚਰਨਜੀਤ ਸਿੰਘ ਪੰਨੂ, ਰਾਜਵਿੰਦਰ ਕੌਰ ਸਹੋਤਾ, ਜਗਤਾਰ ਗਿੱਲ, ਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਾਰੇ ਮੈਂਬਰਾਂ ਨੇ ਨਾਵਲ ਬਾਰੇ ਵਿਭਿੰਨ ਵਿਚਾਰ ਅਤੇ ਨਾਵਲ ਦੇ ਬਹੁਤ ਸਾਰੇ ਜ਼ਾਹਿਰ ਅਤੇ ਗੁੱਝੇ ਪੱਖਾਂ ਉੱਪਰ ਆਪਣੇ ਵਿਚਾਰ ਰੱਖੇ।  ਸਟੇਜ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਗੁਰਜੰਟ ਰਾਜੇਆਣਾ ਅਤੇ ਪ੍ਰੋ. ਰਣਧੀਰ ਕੌਰ ਦੇ ਨਾਵਲ ਬਾਰੇ ਭੇਜੇ ਵਿਚਾਰ ਵੀ ਸਾਂਝੇ ਕੀਤੇ। ਸਰਬਜੀਤ ਸਿੰਘ ਗਿੱਲ ਨੇ ਕਿਹਾ ਕਿ ਪਰਵਾਸ ਕਰਨ ਵੇਲੇ ਦਾ ਹਾਲਾਤਾਂ ਬਾਰੇ ਨਾਵਲ ਪੜ੍ਹਦਿਆਂ ਉਨ੍ਹਾਂ ਨੂੰ ਕਈ ਹਿੱਸੇ ਆਪਣੇ ਜੀਵਨ ਨਾਲ ਮਿਲਦੇ ਲੱਗੇ। ਉਨ੍ਹਾਂ ਕਿਹਾ ਕਿ ਲਾਜ ਅਤੇ ਨੀਲਮ ਨਾਲ ਬਹੁਤ ਸਮਾਂ ਬਿਤਾਉਣ ਕਾਰਨ ਇਹ ਨਾਵਲ ਪੜ੍ਹਨਾ ਉਨ੍ਹਾਂ ਲਈ ਬਹੁਤ ਔਖਾ ਸੀ। ਡਾ. ਸੁਖਵਿੰਦਰ ਕੰਬੋਜ ਨੇ ਨਾਵਲ ਦੇ ਕਈ ਤਕਨੀਕੀ ਪੱਖਾਂ ਦਾ ਹਵਾਲਾ ਦਿੱਤਾ। ਨਾਵਲ ਦੇ ਅਸਲ ਜ਼ਿੰਦਗੀ ਦੇ ਨੇੜੇ ਰਹਿ ਕੇ ਯਥਾਰਥਵਾਦੀ ਪਹੁੰਚ ਅਪਣਾਉਣ ਲਈ ਲਾਜ ਨੀਲਮ ਸੈਣੀ ਦੀ ਸਰਾਹੁਣਾ ਕੀਤੀ।
ਅੰਤ ਵਿਚ ਕੁਲਵਿੰਦਰ ਨੇ ਨਾਵਲ ਦੇ ਦਾਰਸ਼ਨਿਕ ਪੱਖ ਬਾਰੇ ਗੱਲ ਕਰਦਿਆਂ ਪਿਆਰ, ਮੌਤ ਅਤੇ ਜ਼ਿੰਦਗੀ ਬਾਰੇ ਨਾਵਲ ਵਿਚੋਂ ਕੁਝ ਅੰਸ਼ਾਂ ਦੀ ਮਿਸਾਲ ਦੇ ਕੇ ਆਪਣੀ ਗੱਲ ਕਹੀ। ਨਾਵਲ ਦੇ ਹਰ ਚੈਪਟਰ ਦੇ ਸ਼ੁਰੂ ਅਤੇ ਅੰਤ ਵਿਚਲੇ ਵਾਰਤਾਲਾਪਾਂ ਵਿਚ ਉਭਰੇ ਕਈ ਦਾਰਸ਼ਨਿਕ ਤੱਤਾਂ ਦਾ ਜ਼ਿਕਰ ਕੀਤਾ। ਬਹੁਤ ਸਾਰੇ ਬੁਲਾਰਿਆਂ ਨੇ ਕਿਹਾ ਕਿ ਇਹ ਆਤਮ-ਕਥੀ (ਆਟੋਬਾਇਓਗ੍ਰਾਫੀਕਲ) ਨਾਵਲ ਦੀ ਤਕਨੀਕ ਹੋਰ ਵੀ ਕਠਿਨ ਹੈ ਅਤੇ ਲਾਜ ਨੀਲਮ ਸੈਣੀ ਨੇ ਇਸ ਵਿਧਾ ਨੂੰ ਖ਼ੂਬ ਨਿਭਾਇਆ ਹੈ। ਸਮੁੱਚੇ ਤੌਰ ‘ਤੇ ਬੁਲਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਇਹ ਨਾਵਲ ਲਾਜ ਨੀਲਮ ਸੈਣੀ ਨੂੰ ਬਹੁਵਿਧਾਵੀ ਲੇਖਕ ਦੇ ਤੌਰ ‘ਤੇ ਪ੍ਰਮਾਣਿਤ ਕਰਦਾ ਹੈ।
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵਲੋਂ ਲਾਜ ਨੀਲਮ ਸੈਣੀ ਨੂੰ ਵਿਪਸਾਅ ਸ਼ਾਲ ਭੇਟ ਕੀਤਾ ਗਿਆ। ਕਵੀ ਦਰਬਾਰ ਵਿਚ ਅਮਰਜੀਤ ਜੌਹਲ, ਸੁਰਜੀਤ ਸਖੀ, ਗੁਲਸ਼ਨ ਦਿਆਲ, ਲਖਵਿੰਦਰ ਕੌਰ ਲੱਕੀ ਅਤੇ ਅਮਰ ਸੂਫ਼ੀ ਨੇ ਆਪਣਾ ਕਲਾਮ ਸਾਂਝਾ ਕੀਤਾ।
ਸਮਾਗਮ ਵਿਚ ਪ੍ਰੋ. ਸੁਖਦੇਵ ਸਿੰਘ, ਵਿਜੇ ਸਿੰਘ, ਸਰਪੰਚ ਅਵਤਾਰ ਸਿੰਘ ਸੰਧੂ, ਹਰਨੇਕ ਸਿੰਘ, ਸੋਨੂੰ ਸਾਹਿਲ, ਜਸਵਿੰਦਰ ਸਿੰਘ, ਅਸ਼ੋਕ ਭੌਰਾ, ਸੋਨੀਆ ਧਾਮੀ, ਦਰਸ਼ਨ ਔਜਲਾ, ਅਭੀਤਾਬ ਸੈਣੀ, ਜੇਅ ਸੰਧੂ, ਰਬਿੰਦਰ ਬੇਦੀ, ਰਿੰਮੀ ਸੰਧੂ, ਮਨਜੀਤ ਪਲਾਹੀ ਅਤੇ ਹੋਰ ਬਹੁਤ ਸਰੋਤਿਆਂ ਨੇ ਭਾਗ ਲਿਆ।