ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)-ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਪ੍ਰਦਰਸ਼ਨ ਨੂੰ ਨਿਰਾਸ਼ਾਜਨਕ ਦੱਸਦੇ ਹੋਏ ਕਾਂਗਰਸ ਨੇ ਕਿਹਾ ਕਿ ਭਾਵੇਂ ਨਤੀਜੇ ਉਸ ਦੀਆਂ ਉਮੀਦਾਂ ਮੁਤਾਬਕ ਨਹੀਂ ਆਏ ਪਰ ਵੋਟ ਪ੍ਰਤੀਸ਼ਤ ਦੇ ਮਾਮਲੇ ਵਿਚ ਉਹ ਭਾਜਪਾ ਤੋਂ ਜ਼ਿਆਦਾ ਦੂਰ ਨਹੀਂ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵੋਟ ਪ੍ਰਤੀਸ਼ਤ ਦੇ ਇਸ ਅੰਤਰ ਨੂੰ ਖਤਮ ਕੀਤਾ ਜਾ ਸਕਦਾ ਹੈ। ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਤਿਲੰਗਾਨਾ ਵਿਚ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਉਹ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਸੱਤਾ ਵਿਚ ਸੀ, ਜਿਥੇ ਉਸ ਨੂੰ ਹਾਰ ਝੱਲਣੀ ਪਈ। ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕੀਤਾ, ‘ਛੱਤੀਸਗੜ੍ਹ ‘ਚ ਭਾਜਪਾ ਨੂੰ 46.3 ਫੀਸਦੀ ਅਤੇ ਕਾਂਗਰਸ ਨੂੰ 42.2 ਫੀਸਦੀ ਵੋਟਾਂ ਮਿਲੀਆਂ ਹਨ। ਮੱਧ ਪ੍ਰਦੇਸ਼ ਵਿਚ ਭਾਜਪਾ ਨੂੰ 48.6 ਫੀਸਦੀ ਅਤੇ ਕਾਂਗਰਸ ਨੂੰ 40.4 ਫੀਸਦੀ ਵੋਟਾਂ ਮਿਲੀਆਂ ਹਨ। ਰਾਜਸਥਾਨ ਵਿਚ ਭਾਜਪਾ ਨੂੰ 41.7 ਫੀਸਦੀ ਅਤੇ ਕਾਂਗਰਸ ਨੂੰ 39.5 ਫੀਸਦੀ ਵੋਟਾਂ ਮਿਲੀਆਂ ਹਨ। ਜੁੜੇਗਾ ਭਾਰਤ, ਜਿੱਤੇਗਾ ਇੰਡੀਆ।’