-ਮੁੱਖ ਮੰਤਰੀ ਵੱਲੋਂ ਪਾਵਨ ਸਰੂਪਾਂ ਦੇ ਮਾਮਲੇ ‘ਚ ਦਿੱਤੇ ਗਏ ਬਿਆਨਾਂ ਤੋਂ ਸੀ ਦੁਖ਼ੀ
ਰੂਪਨਗਰ/ਜਲੰਧਰ, 19 ਜਨਵਰੀ (ਪੰਜਾਬ ਮੇਲ)- ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਵਿਧਾਇਕ ਸੁਖਵਿੰਦਰ ਸਿੰਘ ਸੁੱਖੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਵਨ ਸਰੂਪਾਂ ਦੇ ਮਾਮਲੇ ਵਿਚ ਦਿੱਤੇ ਗਏ ਬਿਆਨਾਂ ਤੋਂ ਡਾ. ਸੁਖੀ ਨਾਰਾਜ਼ ਚੱਲ ਰਹੇ ਹਨ। ਉਨ੍ਹਾਂ ਲਾਈਵ ਹੋ ਕੇ ਦੱਸਿਆ ਕਿ ਰਾਜਾ ਸਾਹਿਬ ਦੇ ਸਤਿਕਾਰ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ। ਮੈਂ ਆਪਣੇ ਕੈਬਿਨਟ ਮੰਤਰੀ ਰੈਂਕ ਅਤੇ ਚੇਅਰਮੈਨ ਕਨਵੇਅਰ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ।
ਦਰਅਸਲ ਪਿਛਲੇ ਦਿਨੀਂ ਮੁਕਤਸਰ ਮਾਘੀ ਮੇਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਪ੍ਰਗਟਾਵਾ ਕੀਤਾ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਪਵਨ ਸਰੂਪਾਂ ਦਾ ਮਾਮਲਾ ਚੱਲ ਰਿਹਾ, ਉਸ ਵਿਚੋਂ ਕੁਝ ਸਰੂਪ ਬੰਗਾ ਨੇੜੇ ਪਿੰਡ ਮਜਾਰਾ ਨੌਂ ਆਬਾਦ ਵਿਖੇ ਧਾਰਮਿਕ ਅਸਥਾਨ ਰੱਸੋਖਾਨਾ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਤੋਂ ਮਿਲੇ ਹਨ। ਇਸ ਬਿਆਨ ਤੋਂ ਬਾਅਦ ਉੱਕਤ ਧਾਰਮਿਕ ਅਸਥਾਨ ਨਾਲ ਜੁੜੀਆਂ ਸੰਗਤਾਂ ਨੇ ਸਖ਼ਤ ਪ੍ਰਤੀਕਰਮ ਦਿੱਤਾ ਅਤੇ ਮਾਨ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਸੀ। ਉਸੇ ਦਿਨ ਦੇਰ ਸ਼ਾਮ ਇਸ ਇਲਾਕੇ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਜੋ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਜਿੱਤ ਕੇ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਅਤੇ ਆਮ ਆਦਮੀ ਪਾਰਟੀ ਨੇ ਇਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਸੀ ਅਤੇ ਚੈਅਰਮੈਨ ਕੰਨਵੇਅਰ ਵਿਭਾਗ ਦਾ ਲਾਇਆ ਸੀ, ਉਨ੍ਹਾਂ ਨੇ ਸ਼੍ਰੀ ਰਾਜਾ ਸਾਹਿਬ ਅਸਥਾਨ ਉੱਤੇ ਜਾ ਕਿ ਇਸ ਬਿਆਨ ਦੀ ਅਸਿੱਧੇ ਸ਼ਬਦਾਂ ਵਿਚ ਨਿੰਦਾ ਕੀਤੀ ਸੀ ਅਤੇ ਆਪਣੀ ਆਸਥਾ ਦਾ ਕੇਂਦਰ ਦੱਸਿਆ ਸੀ।
ਇਸ ਮਾਮਲੇ ਨਾਲ ਇਸ ਅਸਥਾਨ ਨਾਲ ਸ਼ਰਧਾ ਨਾਲ ਜੁੜੀਆਂ ਸੰਗਤਾਂ ਵਿਚ ਸਰਕਾਰ ਪ੍ਰਤੀ ਬਹੁਤ ਸਖ਼ਤ ਰੋਸ ਪੈਦਾ ਹੋਇਆ ਹੈ। ਡਾ. ਸੁੱਖਵਿੰਦਰ ਸੁੱਖੀ ਵਿਧਾਇਕ ਨੇ ਉਸ ਅਸਥਾਨ ਉੱਤੇ ਜਾ ਕੇ ਰੋਸ ਵਜੋਂ ਚੈਅਰਮੈਨਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉੱਕਤ ਮਾਮਲੇ ਵਿਚ ਉਨ੍ਹਾਂ ਨੂੰ ਬਹੁਤ ਠੇਸ ਪਹੁੰਚੀ ਹੈ।
ਉਨ੍ਹਾਂ ਅਸਿੱਧੇ ਸ਼ਬਦਾਂ ਵਿਚ ਆਮ ਆਦਮੀ ਸਰਕਾਰ ਦੇ ਇਸ ਕਦਮ ਨਾਲ ਮਾਹੌਲ ਖ਼ਰਾਬ ਹੋਣ ਬਾਰੇ ਖ਼ੁਲਾਸਾ ਕਰਦਿਆਂ ਕਿਹਾ ਕਿ ਕੂੜ ਪ੍ਰਚਾਰ ਕੁਝ ਲੋਕ ਕਰ ਰਹੇ ਹਨ, ਜਿਸ ਤੋਂ ਉਹ ਦੁਖ਼ੀ ਹਨ। ਇਥੇ ਜ਼ਿਕਰਯੋਗ ਹੈ ਕਿ ਇਸ ਮਾਮਲੇ ਨਾਲ ਸੰਗਤਾਂ ਵਿਚ ਪ੍ਰਚੰਡ ਰੋਹ ਪੈਦਾ ਹੋਇਆ, ਜਿਸ ਦਾ ਸਰਕਾਰ ਨੂੰ ਭਵਿੱਖ ਵਿਚ ਵੱਡਾ ਨੁਕਸਾਨ ਹੋਵੇਗਾ। ਵਿਰੋਧੀ ਪਾਰਟੀਆਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖ਼ਤ ਸ਼ਬਦਾਂ ‘ਚ ਸਰਕਾਰ ਦੀ ਨਿੰਦਾ ਕੀਤੀ ਅਤੇ ਲੋਕਾਂ ਦੀ ਸਰਕਾਰ ਖਿਲਾਫ ਵਿਰੋਧ ਪ੍ਰਗਟ ਕਰਨ ਵਾਲਿਆਂ ਪ੍ਰਤੀ ਹਮਦਰਦੀ ਬਣਦੀ ਜਾ ਰਹੀ ਹੈ, ਜਿਸ ਦਾ ਹਾਕਮ ਸਰਕਾਰ ਦੇ ਵਿਧਾਇਕ ਸੁੱਖੀ ਨੂੰ ਸਿੱਧਾ ਨੁਕਸਾਨ ਹੋਵੇਗਾ, ਜਿਸ ਕਰਕੇ ਰਾਜਨੀਤਿਕ ਪੂਰਾ ਮਾਹੌਲ ਆਮ ਆਦਮੀ ਪਾਰਟੀ ਖ਼ਿਲਾਫ਼ ਕਈ ਦੋਆਬੇ ਦੀਆਂ ਵਿਧਾਨ ਸਭਾ ਸੀਟਾਂ ਉੱਤੇ ਬਣ ਗਿਆ ਹੈ, ਜਿਸ ਨੂੰ ਮੋੜਾ ਪਾਉਣਾ ਸਰਕਾਰ ਦੇ ਵਸ ਦੀ ਗਲ ਨਹੀਂ ਜਾਪਦੀ।
ਵਿਧਾਇਕ ਡਾ. ਸੁਖਵਿੰਦਰ ਸੁੱਖੀ ਵੱਲੋਂ ਅਸਤੀਫਾ! ਚੇਅਰਮੈਨੀ ਵੀ ਛੱਡੀ

