#PUNJAB

ਵਿਦੇਸ਼ ਖੜ੍ਹਨ ਦੇ ਨਾਂ ‘ਤੇ ਪਤਨੀ ਨੇ ਪਤੀ ਨਾਲ ਮਾਰੀ ਠੱਗੀ

-ਬਿਨਾਂ ਦੱਸੇ ਹੀ ਕੈਨੇਡਾ ਹੋਈ ਰਵਾਨਾ
ਲੋਪੋਕੇ, 13 ਅਕਤੂਬਰ (ਪੰਜਾਬ ਮੇਲ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੱਕ ਮਿਸ਼ਰੀ ਖਾਂ ਵਿਆਹ ਕਰਵਾ ਕੇ ਆਪਣੇ ਪਤੀ ਨੂੰ ਆਪਣੇ ਨਾਲ ਵਿਦੇਸ਼ ਖੜ੍ਹਨ ਦੇ ਨਾਂ ‘ਤੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਲੱਖਾਂ ਰੁਪਏ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ 6 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਸੂਰਜਪਾਲ ਸਿੰਘ ਪਿੰਡ ਚੱਕ ਮਿਸ਼ਰੀ ਖਾਂ ਨੇ ਦੱਸਿਆ ਕਿ 7 ਜਨਵਰੀ 2022 ਨੂੰ ਸਿੱਖ ਰੀਤੀ-ਰਿਵਾਜ਼ਾਂ ਅਨੁਸਾਰ ਗੁਰਦੁਆਰਾ ਬਾਬਾ ਸੁਰ ਸਿੰਘ ਵਾਲਾ ਵਿਖੇ ਉਨ੍ਹਾਂ ਦਾ ਸਾਦਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਮੇਰੀ ਪਤਨੀ ਰਮਨਦੀਪ ਕੌਰ ਨੇ ਸਾਡੀ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਕੈਨੇਡਾ ਜਾਣ ਦੀ ਫਾਈਲ ਲਗਾਈ ਸੀ। ਮੈਂ ਆਪਣੇ ਸਹੁਰੇ ਪਰਿਵਾਰ ਦੀਆਂ ਗੱਲਾਂ ਵਿਚ ਆ ਕੇ ਆਪਣੇ ਪਿਤਾ ਦਲਬੀਰ ਸਿੰਘ ਦੇ ਖਾਤੇ ਵਿਚੋਂ 7 ਲੱਖ 25 ਹਜ਼ਾਰ ਰੁਪਏ ਚੈੱਕ ਰਾਹੀਂ ਆਪਣੇ ਸਹੁਰੇ ਜਸਪਾਲ ਸਿੰਘ ਦੇ ਖਾਤੇ ਵਿਚ ਪਵਾ ਦਿੱਤੇ।
28 ਨਵੰਬਰ 2025 ਨੂੰ ਮੇਰੀ ਸਾਲੀ ਸੁਮਨਦੀਪ ਕੌਰ ਦਾ ਫੋਨ ਮੇਰੀ ਪਤਨੀ ਰਮਨਦੀਪ ਕੌਰ ‘ਤੇ ਆਇਆ ਤੇ ਕਿਹਾ ਕਿ ਤੁਸੀਂ ਬਾਕੀ ਦੇ ਪੈਸੇ ਵੀ ਪਾ ਦਿਓ, ਤਾਂ ਮੈਂ ਇਕ ਲੱਖ 50 ਹਜ਼ਾਰ ਰੁਪਏ ਕਢਵਾ ਕੇ ਆਪਣੀ ਸਾਲੀ ਸੁਮਨਦੀਪ ਕੌਰ ਨੂੰ ਇੰਡੀਆ ਗੇਟ ਛੇਹਰਟਾ ਵਿਖੇ ਦੇ ਕੇ ਆਇਆ, ਤਾਂ ਇਨ੍ਹਾਂ ਕਿਹਾ ਕਿ ਰਮਨਦੀਪ ਕੌਰ ਦੀ ਫਾਈਲ ਲੱਗ ਚੁੱਕੀ। ਉਹ ਮੈਨੂੰ ਬਿਨਾਂ ਦੱਸੇ ਹੀ ਵਿਦੇਸ਼ ਕੈਨੇਡਾ ਚਲੀ ਗਈ। ਜਿਸ ਤੋਂ ਬਾਅਦ ਮੇਰੀ ਪਤਨੀ ਨੇ ਮੈਨੂੰ ਕਦੇ ਵੀ ਫੋਨ ਨਹੀਂ ਕੀਤਾ। ਇਸ ਸਬੰਧੀ ਅਸੀਂ 15 ਨਵੰਬਰ 2023 ਨੂੰ ਐੱਸ.ਐੱਸ.ਪੀ. ਦਿਹਾਤੀ ਅੰਮ੍ਰਿਤਸਰ ਨੂੰ ਲਿਖਤੀ ਨੰਬਰੀ ਦਰਖਾਸਤ ਦਿੱਤੀ। ਜਿਸ ਦੀ ਇਨਕੁਆਇਰੀ ਐੱਸ.ਐੱਸ.ਪੀ. ਹੈੱਡ ਕੁਆਰਟਰ ਜਸਵੰਤ ਕੌਰ ਨੇ ਕੀਤੀ। ਜਿੱਥੇ ਮੇਰੇ ਸਹੁਰਾ ਜਸਪਾਲ ਸਿੰਘ ਨੇ ਲਿਖਤੀ ਰਾਜ਼ੀਨਾਮਾ ਕੀਤਾ ਸੀ ਕਿ ਉਹ ਮੈਨੂੰ 10 ਲੱਖ ਰੁਪਏ ਮੋੜਨ ਦਾ ਜ਼ਿੰਮੇਵਾਰ ਹੋਵੇਗਾ, ਪਰ ਅਜੇ ਤੱਕ ਮੈਨੂੰ ਕੋਈ ਪੈਸਾ ਨਹੀਂ ਦਿੱਤਾ। ਮੇਰੇ ਸਹੁਰੇ ਪਰਿਵਾਰ ਨੇ ਹਮ ਸਲਾਹ ਹੋ ਕੇ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਮੇਰੇ ਨਾਲ ਠੱਗੀ ਮਾਰੀ ਹੈ। ਉਨ੍ਹਾਂ ਆਪਣੇ ਨਾਲ ਹੋਈ ਠੱਗੀ ਦੀ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਸਬੰਧੀ ਥਾਣਾ ਲੋਪੋਕੇ ਦੀ ਪੁਲਿਸ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਰਮਨਦੀਪ ਕੌਰ, ਜਸਪਾਲ ਸਿੰਘ, ਦਲਬੀਰ ਕੌਰ, ਸੁਮਨਦੀਪ ਕੌਰ, ਗੁਰਜੀਤ ਕੌਰ ਅਤੇ ਗੁਰਲਾਲ ਸਿੰਘ ਖਿਲਾਫ਼ 318(4), 61(2) ਬੀ.ਐੱਨ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।