-ਬੈਂਕਾਕ ਸਥਿਤ ਭਾਰਤ ਅੰਬੈਸੀ ਵੱਲੋਂ ਅਹਿਮ ਐਡਵਾਇਜ਼ਰੀ ਜਾਰੀ
ਜਲੰਧਰ, 1 ਜੁਲਾਈ (ਪੰਜਾਬ ਮੇਲ)- ਵਿਦੇਸ਼ਾਂ ‘ਚ ਭਾਰਤੀਆਂ ਨਾਲ ਨੌਕਰੀ ਦੇ ਨਾਂ ‘ਤੇ ਠੱਗੀ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਇਸੇ ਦੌਰਾਨ ਭਾਰਤ ਸਰਕਾਰ ਦੇ ਬੈਂਕਾਕ ਸਥਿਤ ਅੰਬੈਸੀ ਵੱਲੋਂ ਇੱਕ ਅਹਿਮ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ‘ਚ ਮੋਟੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਦਾ ਝਾਂਸੇ ਦੇ ਕੇ ਡਿਜੀਟਲ ਮਾਰਕੀਟਿੰਗ ਜਾਂ ਸੇਲਜ਼ ਦੀਆਂ ਪੋਸਟਾਂ ਲਈ ਭਰਤੀ ਕੀਤਾ ਜਾ ਰਿਹਾ ਹੈ।
ਇਹ ਭਰਤੀ ਮੁੱਖ ਤੌਰ ‘ਤੇ ਭਾਰਤ, ਦੁਬਈ ਅਤੇ ਬੈਂਕਾਕ ‘ਚ ਬੈਠੇ ਕੁਝ ਠੱਗ ਏਜੰਟਾਂ ਦੁਆਰਾ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਜ਼ਿਆਦਾ ਤਨਖਾਹ, ਹੋਟਲ ਵਿਚ ਰਹਿਣ ਦੀ ਸੁਵਿਧਾ, ਵਾਪਸੀ ਦੀ ਟਿਕਟ ਅਤੇ ਵੀਜ਼ਾ ਫੈਸਿਲਿਟੀ ਵਾਂਗ ਵੱਡੇ ਲਾਲਚ ਦਿੱਤੇ ਜਾ ਰਹੇ ਹਨ।
ਅੰਬੈਸੀ ਅਨੁਸਾਰ ਇਹ ਨੌਕਰੀਆਂ ਅਸਲ ਵਿਚ ਕਾਲ ਸੈਂਟਰ ਫਰੌਡ ਅਤੇ ਕ੍ਰਿਪਟੋ ਕਰੰਸੀ ਧੋਖਾਧੜੀ ਨਾਲ ਜੁੜੀਆਂ ਹੁੰਦੀਆਂ ਹਨ। ਇੱਥੇ ਸੱਦਣ ਮਗਰੋਂ ਭਾਰਤੀ ਨਾਗਰਿਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਮਿਆਂਮਾਰ ਦੀ ਸਰਹੱਦ ਪਾਰ ਕਰਵਾ ਕੇ ਬੰਦੀ ਬਣਾ ਲਿਆ ਜਾਂਦਾ ਹੈ, ਜਿੱਥੇ ਉਨ੍ਹਾਂ ਤੋਂ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਔਖਾ ਕੰਮ ਕਰਵਾਇਆ ਜਾਂਦਾ ਹੈ।
ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ‘ਚ ਦਾਖ਼ਲ ਹੋਣ ਕਾਰਨ ਵੀ ਕਈ ਲੋਕਾਂ ਨੂੰ ਥਾਈ ਅਧਿਕਾਰੀਆਂ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਬੈਸੀ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਵੀਜ਼ਾ ਆਨ ਅਰਾਈਵਲ ਲੈਣ ਵਾਲੇ ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਤੇ ਨਾ ਹੀ ਅਜਿਹੇ ਵੀਜ਼ੇ ‘ਤੇ ਕੋਈ ਵੀ ਵੈਲਿਡ ਵਰਕ ਪਰਮਿਟ ਵੀ ਨਹੀਂ ਦਿੱਤਾ ਜਾਂਦਾ, ਇਸ ਕਾਰਨ ਲੋਕ ਅਜਿਹੇ ਲੋਕਾਂ ਦੇ ਝਾਂਸੇ ‘ਚ ਆਉਣ ਤੋਂ ਬਚਣ।
ਅਡਵਾਈਜ਼ਰੀ ‘ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਵਿਦੇਸ਼ ‘ਚ ਰੁਜ਼ਗਾਰ ਲਈ ਜਾਣਾ ਹੈ, ਤਾਂ ਪਹਿਲਾਂ ਰੁਜ਼ਗਾਰ ਦੇ ਰਹੀ ਕੰਪਨੀ ਤੇ ਉਸ ਦੇ ਪਿਛੋਕੜ ਬਾਰੇ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ, ਉਸ ਤੋਂ ਬਾਅਦ ਹੀ ਉੱਥੇ ਜਾਣ ਬਾਰੇ ਸੋਚਿਆ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਧੋਖੇ ਤੋਂ ਬਚਿਆ ਜਾ ਸਕੇ।
ਵਿਦੇਸ਼ਾਂ ‘ਚ ਭਾਰਤੀਆਂ ਨਾਲ ਨੌਕਰੀ ਦੇ ਨਾਂ ‘ਤੇ ਲਗਾਤਾਰ ਵੱਧ ਰਹੇ ਠੱਗੀ ਦੇ ਕੇਸ
