#EUROPE

ਵਿਜੈ ਮਾਲਿਆ ਨੇ ਬਰਤਾਨੀਆ ‘ਚ ਦੀਵਾਲੀਆ ਹੁਕਮ ਰੱਦ ਕਰਨ ਦੀ ਮੰਗ ਕੀਤੀ

ਸੰਕਟ ‘ਚ ਘਿਰੇ ਕਾਰੋਬਾਰੀ ਨੇ ਭਾਰਤੀ ਵਿੱਤ ਮੰਤਰੀ ਵੱਲੋਂ ਸੰਸਦ ‘ਚ ਦਿੱਤੇ ਬਿਆਨ ਦਾ ਹਵਾਲਾ ਦਿੱਤਾ; ਵਕੀਲਾਂ ਨੂੰ ਅਰਜ਼ੀ ਅੱਗੇ ਵਧਾਉਣ ਦੀ ਹਦਾਇਤ ਕੀਤੀ
ਲੰਡਨ, 22 ਫਰਵਰੀ (ਪੰਜਾਬ ਮੇਲ)- ਸੰਕਟ ‘ਚ ਘਿਰੇ ਕਾਰੋਬਾਰੀ ਵਿਜੈ ਮਾਲਿਆ ਨੇ ਕਿਹਾ ਕਿ ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਸੰਸਦ ਵਿਚ ਹਾਲੀਆ ਬਿਆਨ ਦੇ ਮੱਦੇਨਜ਼ਰ ਭਾਰਤੀ ਬੈਂਕਾਂ ਵੱਲੋਂ ਬਰਤਾਨੀਆ ਦੀਆਂ ਅਦਾਲਤਾਂ ‘ਚ ਉਸ ਖ਼ਿਲਾਫ਼ ਜਾਰੀ ਦੀਵਾਲੀਆ ਕਾਰਵਾਈ ਦੀ ਵੈਧਤਾ ਨਹੀਂ ਰਹੀ ਅਤੇ ਉਸ ਨੇ ਆਪਣੇ ਵਕੀਲਾਂ ਨੂੰ ਇਸ ਨੂੰ ਰੱਦ ਕਰਨ ਸਬੰਧੀ ਅਰਜ਼ੀ ਅੱਗੇ ਵਧਾਉਣ ਦੀ ਹਦਾਇਤ ਕੀਤੀ ਹੈ।
ਇਸ ਹਫ਼ਤੇ ਲੰਡਨ ਦੀ ਹਾਈ ਕੋਰਟ ‘ਚ ਮਾਲਿਆ ਦੇ ਦੀਵਾਲੀਆ ਹੁਕਮ ਸਬੰਧੀ ਤਿੰਨ ਅਪੀਲਾਂ ‘ਤੇ ਸੁਣਵਾਈ ਪੂਰੀ ਹੋਈ ਹੈ। ਇਹ ਘਟਨਾਕ੍ਰਮ ਜਸਟਿਸ ਐਂਥਨੀ ਮਾਨ ਵੱਲੋਂ ਆਪਣਾ ਫ਼ੈਸਲਾ ਰਾਖਵਾਂ ਰੱਖੇ ਜਾਣ ਮਗਰੋਂ ਸਾਹਮਣੇ ਆਇਆ, ਜਿਸ ਨੂੰ ਇਸ ਹਫ਼ਤੇ ਲੰਡਨ ਦੀ ਹਾਈ ਕੋਰਟ ‘ਚ ਮਾਲਿਆ ਦੇ ਦੀਵਾਲੀਆ ਹੁਕਮ ਸਬੰਧੀ ਤਿੰਨ ਅਪੀਲਾਂ ‘ਤੇ ਸੁਣਵਾਈ ਤੋਂ ਬਾਅਦ ਵਾਲੀ ਤਾਰੀਕ ‘ਤੇ ਸੁਣਾਇਆ ਜਾਵੇਗਾ। ਜੱਜ ਨੇ ਐੱਸ.ਬੀ.ਆਈ. ਦੀ ਅਗਵਾਈ ਵਾਲੀਆਂ ਬੈਂਕਾਂ ਦੇ ਕਨਸੋਰਟੀਅਮ ਨਾਲ ਸਬੰਧਤ ਗੁੰਝਲਦਾਰ ਦਲੀਲਾਂ ਦੀ ਸੁਣਵਾਈ ਕੀਤੀ, ਜਿਸ ‘ਚ ਵਿਜੈ ਮਾਲਿਆ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨ ਵੱਲੋਂ ਬਕਾਇਆ ਲਗਪਗ 1.05 ਅਰਬ ਪੌਂਡ ਦੇ ਅੰਦਾਜ਼ਨ ਕਰਜ਼ ਦੀ ਅਦਾਇਗੀ ਦੀ ਮੰਗ ਕੀਤੀ ਗਈ ਸੀ।
ਜ਼ਾਏਵਾਲਾ ਐਂਡ ਕੰਪਨੀ ਦੇ ਮੈਨੇਜਿੰਗ ਪਾਰਟਨਰ ਤੇ ਮਾਲਿਆ ਵੱਲੋਂ ਹਾਲ ‘ਚ ਨਿਯੁਕਤ ਵਕੀਲ ਲੀਹ ਕਰਸਟੋਹਲ ਨੇ ਕਿਹਾ, ”ਡਾ. ਮਾਲਿਆ ਦੇ ਨਜ਼ਰੀਏ ਮੁਤਾਬਕ ਬਰਤਾਨੀਆ ਦੀ ਇਸ ਦੀਵਾਲੀਆ ਕਾਰਵਾਈ ਦਾ ਕੋਈ ਤਰਕ ਨਹੀਂ ਹੈ।” ਉਨ੍ਹਾਂ ਕਿਹਾ, ”ਹੁਣ ਅਜਿਹੇ ਸਬੂਤ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬੈਂਕਾਂ ਨੇ ਮਾਲਿਆ ਤੋਂ ਬਾਕਾਇਆ ਰਾਸ਼ੀ ਤੋਂ ਵੱਧ ਦੀ ਵਸੂਲੀ ਕੀਤੀ ਹੈ। ਇਸ ਦੀ ਪੁਸ਼ਟੀ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 17 ਦਸੰਬਰ 2024 ਨੂੰ ਭਾਰਤ ਦੀ ਸੰਸਦ ਦੀ ਸੰਸਦ ‘ਚ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਕਿ 14,131.6 ਕਰੋੜ ਰੁਪਏ ਦੀ ਰਾਸ਼ੀ ਇਕੱਤਰ ਕੀਤੀ ਗਈ ਅਤੇ ਬੈਂਕਾਂ ਨੂੰ ਵਾਪਸ ਕੀਤੀ ਗਈ ਹੈ।
ਲੀਹ ਕਰਸਟੋਹਲ ਨੇ ਕਿਹਾ, ”ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਜਨਤਕ ਖੇਤਰ ਦੀਆਂ ਬੈਕਾਂ ਸੰਸਦ ‘ਚ ਦਿੱਤੇ ਗਏ ਮੰਤਰੀ ਦੇ ਬਿਆਨ ਦੀ ਹਕੀਕਤ ਨੂੰ ਸਵੀਕਾਰ ਕਰਨਗੀਆਂ।”