#EUROPE

ਵਿਜੇ ਮਾਲਿਆ ਯੂ.ਕੇ. ਦੇ ਦੀਵਾਲੀਆਪਨ ਦੇ ਹੁਕਮਾਂ ਵਿਰੁੱਧ ਅਪੀਲ ਹਾਰਿਆ

ਲੰਡਨ, 10 ਅਪ੍ਰੈਲ (ਪੰਜਾਬ ਮੇਲ)- ਭਾਰਤੀ ਕਾਰੋਬਾਰੀ ਵਿਜੇ ਮਾਲਿਆ ਲੰਡਨ ਦੀ ਹਾਈ ਕੋਰਟ ਵੱਲੋਂ ਸਟੇਟ ਬੈਂਕ ਆਫ਼ ਇੰਡੀਆ ਸਮੇਤ ਕਰਜ਼ਦਾਤਾਵਾਂ ਨੂੰ 1 ਅਰਬ ਪੌਂਡ ਤੋਂ ਵੱਧ ਦੇ ਕਰਜ਼ੇ ‘ਤੇ ਦਿੱਤੇ ਗਏ ਦੀਵਾਲੀਆਪਨ ਦੇ ਹੁਕਮਾਂ ਵਿਰੁੱਧ ਅਪੀਲ ਹਾਰ ਗਿਆ। ਬਰਤਾਨੀਆ ਵਿਚ ਰਹਿਣ ਵਾਲਾ ਮਾਲਿਆ, 2012 ਵਿਚ ਆਪਣੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਦੇ ਬੰਦ ਹੋ ਜਾਣ ਤੋਂ ਬਾਅਦ ਕਰਜ਼ਦਾਤਾਵਾਂ ਤੇ ਭਾਰਤੀ ਅਧਿਕਾਰੀਆਂ ਨਾਲ ਇਕ ਲੰਬੀ ਕਾਨੂੰਨੀ ਲੜਾਈ ਵਿਚ ਉਲਝਿਆ ਹੋਇਆ ਹੈ। 2017 ਵਿਚ ਬੈਂਕਾਂ ਦੇ ਇਕ ਸਮੂਹ ਨੇ ਮਾਲਿਆ ਦੇ ਖਿਲਾਫ਼ ਜਿਸਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਕਰਜ਼ੇ ਦੀ ਗਾਰੰਟੀ ਦਿੱਤੀ ਸੀ, ਭਾਰਤ ਵਿਚ 1 ਬਿਲੀਅਨ ਪੌਂਡ ਤੋਂ ਵੱਧ ਦੇ ਕਰਜ਼ੇ ਨੂੰ ਲੈ ਕੇ ਕੇਸ ਦਾਇਰ ਕੀਤੇ ਸਨ। 2021 ਵਿਚ ਮਾਲਿਆ ਦੇ ਖਿਲਾਫ਼ ਦੀਵਾਲੀਆਪਨ ਦਾ ਹੁਕਮ ਦਿੱਤਾ ਗਿਆ ਸੀ। ਮਾਲਿਆ ਨੇ ਫਰਵਰੀ ਵਿਚ ਇਕ ਸੁਣਵਾਈ ‘ਚ ਦੀਵਾਲੀਆਪਨ ਦੇ ਹੁਕਮਾਂ ਵਿਰੁੱਧ ਅਪੀਲ ਕੀਤੀ, ਜਦੋਂ ਉਸ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਬੈਂਕਾਂ ਨੇ ਪਹਿਲਾਂ ਹੀ ਉਨ੍ਹਾਂ ਸੰਪਤੀਆਂ ਨੂੰ ਜ਼ਬਤ ਕਰ ਲਿਆ ਹੈ, ਜਿਨ੍ਹਾਂ ਨੇ ਕਰਜ਼ੇ ਦਾ ਨਿਪਟਾਰਾ ਕਰ ਦਿੱਤਾ ਸੀ। ਪਰ ਜੱਜ ਐਂਥਨੀ ਮਾਨ ਨੇ ਇਕ ਲਿਖਤੀ ਫੈਸਲੇ ਵਿਚ ਅਪੀਲ ਰੱਦ ਕਰਦਿਆਂ ਦੀਵਾਲੀਆਪਨ ਦਾ ਹੁਕਮਾਂ ਨੂੰ ਕਾਇਮ ਰੱਖਿਆ ਹੈ।
ਮਾਲਿਆ, ਜੋ ਕਿ ਫਾਰਮੂਲਾ ਵਨ ਮੋਟਰ ਰੇਸਿੰਗ ਟੀਮ ਫੋਰਸ ਇੰਡੀਆ ਦਾ ਸਹਿ-ਮਾਲਕ ਵੀ ਸੀ, ਕਿੰਗਫਿਸ਼ਰ ਏਅਰਲਾਈਨਜ਼ ਦੇ ਦੀਵਾਲੀਆ ਹੋ ਜਾਣ ‘ਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਹਵਾਲਗੀ ਦੀ ਲੜਾਈ ਵੱਖਰੇ ਤੌਰ ‘ਤੇ ਲੜ ਰਿਹਾ ਹੈ। ਉਸ ਦੀ ਹਵਾਲਗੀ ਵਿਰੁੱਧ ਅਪੀਲ 2020 ‘ਚ ਰੱਦ ਕਰ ਦਿੱਤੀ ਗਈ ਸੀ, ਪਰ ਜੱਜ ਐਂਥਨੀ ਮਾਨ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਹਵਾਲਗੀ ਦਾ ਹੁਕਮ ਅਜੇ ਵੀ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਾ. ਮਾਲਿਆ ਅਜੇ ਵੀ ਹੋਰ ਆਧਾਰਾਂ ‘ਤੇ ਹਵਾਲਗੀ ਦਾ ਵਿਰੋਧ ਕਰ ਰਿਹਾ ਹੈ, ਜਿਨ੍ਹਾਂ ਦਾ ਅਜੇ ਹੱਲ ਨਹੀਂ ਹੋਇਆ ਹੈ।