#INDIA

ਵਿਜੇ ਮਾਲਿਆ ਨੂੰ 180 ਕਰੋੜ ਰੁਪਏ ਦੇ ਕਰਜ਼ ਡਿਫਾਲਟ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ

ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)- ਦੇਸ਼ ਦੇ ਭਗੌੜੇ ਸ਼ਰਾਬ ਕਾਰੋਬਾਰੀ ਤੇ ਕਿੰਗਫਿਸ਼ਰ ਏਅਰਲਾਈਨਜ਼ ਦੇ ਪ੍ਰਮੋਟਰ ਵਿਜੇ ਮਾਲਿਆ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਇੰਡੀਅਨ ਓਵਰਸੀਜ਼ ਬੈਂਕ (IOB) ਨਾਲ ਜੁੜੇ 180 ਕਰੋੜ ਰੁਪਏ ਦੇ ਕਰਜ਼ ਡਿਫਾਲਟ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਬੀਤੇ ਮਹੀਨੇ 29 ਜੂਨ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਐਸਪੀ ਨਾਇਕ ਨਿੰਬਾਲਕਰ ਨੇ ਮਾਲਿਆ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਹਾਲਾਂਕਿ ਆਦੇਸ਼ ਦੀ ਇੱਕ ਕਾਪੀ ਸੋਮਵਾਰ ਨੂੰ ਉਪਲਬਧ ਕਰਵਾਈ ਗਈ ਸੀ।  ਸੀਬੀਆਈ ਨੇ ਆਦੇਸ਼ ਵਿਚ ਕਿਹਾ ਹੈ ਕਿ ਮਾਲਿਆ ਨੇ ਜਨਤਕ ਖੇਤਰ ਦੇ ਬੈਂਕ ਨਾਲ 180 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਕੇ ਨੁਕਸਾਨ ਪਹੁੰਚਾਇਆ ਹੈ। ਇਹ ਵਾਰੰਟ CBI ਵੱਲੋਂ ਦਰਜ ਕੀਤੇ ਗਏ ਧੋਖਾਧੜੀ ਦੇ ਕੇਸ ਨਾਲ ਸਬੰਧਤ ਹੈ। ਹਾਲਾਂਕਿ ਮਾਲਿਆ ਨੂੰ ਈਡੀ ਦੁਆਰਾ ਮਨੀ ਲਾਂਡਰਿੰਗ ਮਾਮਲੇ ਵਿਚ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਮਾਲਿਆ ਮੌਜੂਦਾ ਸਮੇਂ ਲੰਡਨ ‘ਚ ਰਹਿ ਰਿਹਾ ਹੈ। ਭਾਰਤ ਸਰਕਾਰ ਉਸ ਦੀ ਹਵਾਲਗੀ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।