#INDIA

ਵਿਜੀਲੈਂਸ ਵੱਲੋਂ ਪੰਜਾਬ ਦੇ ਦੋ ਪ੍ਰੋਫੈਸਰ ਰਿਸ਼ਵਤ ਲੈਣ ਦੇ ਦੋਸ਼ ਹੇਠ ਹਿਮਾਚਲ ‘ਚ ਗ੍ਰਿਫ਼ਤਾਰ

-ਭਾਰਤੀ ਕੌਂਸਲ ਵੱਲੋਂ ਕਾਂਗੜਾ ਜ਼ਿਲ੍ਹੇ ਦੇ ਫਾਰਮੇਸੀ ਕਾਲਜਾਂ ਦਾ ਨਿਰੀਖਣ ਕਰਨ ਗਏ ਸਨ ਮੁਲਜ਼ਮ
-ਦੋਹਾਂ ਕੋਲੋਂ ਸਾਢੇ ਤਿੰਨ ਲੱਖ ਰੁਪਏ ਬਰਾਮਦ
ਧਰਮਸ਼ਾਲਾ, 12 ਅਗਸਤ (ਪੰਜਾਬ ਮੇਲ)- ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਬੀਤੇ ਦਿਨ ਇੱਥੇ ਪੰਜਾਬ ਨਾਲ ਸਬੰਧਤ ਦੋ ਪ੍ਰੋਫੈਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਪ੍ਰੋਫੈਸਰ ਭਾਰਤੀ ਫਾਰਮੇਸੀ ਕੌਂਸਲ ਦੇ ਆਧਾਰ ‘ਤੇ ਕਾਂਗੜਾ ਜ਼ਿਲ੍ਹੇ ਵਿਚਲੇ ਫਾਰਮੇਸੀ ਕਾਲਜਾਂ ਦਾ ਮੁਲਾਂਕਣ ਕਰਨ ਲਈ ਆਏ ਸਨ।
ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਐੱਸ.ਪੀ. ਬਲਬੀਰ ਠਾਕੁਰ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਐਤਵਾਰ ਨੂੰ ਪੰਜਾਬ ਨੰਬਰ ਦੀ ਇਕ ਕਰੇਟਾ ਕਾਰ ਨੂੰ ਧਰਮਸ਼ਾਲਾ ਦੇ ਰੱਕੜ ਇਲਾਕੇ ਵਿਚ ਰੋਕਿਆ। ਇਸ ਦੌਰਾਨ ਗੱਡੀ ਵਿਚ ਸਵਾਰ ਪੰਜਾਬ ਦੀਆਂ ਦੋ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪ੍ਰੋਫੈਸਰਾਂ ਵਜੋਂ ਤਾਇਨਾਤ ਰਾਕੇਸ਼ ਚਾਵਲਾ ਤੇ ਪੁਨੀਤ ਕੁਮਾਰ ਨਾਮ ਦੇ ਦੋ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਕੇ ਉਨ੍ਹਾਂ ਕੋਲੋਂ 3.5 ਲੱਖ ਰੁਪਏ ਬਰਾਮਦ ਕੀਤੇ ਗਏ। ਇਸ ਰਕਮ ਦਾ ਉਹ ਕੋਈ ਹਿਸਾਬ ਜਾਂ ਵੇਰਵਾ ਨਹੀਂ ਦੇ ਸਕੇ। ਇਨ੍ਹਾਂ ਦੋਹਾਂ ਨੇ ਭਾਰਤੀ ਫਾਰਮੇਸੀ ਕੌਂਸਲ ਵੱਲੋਂ ਸੌਂਪੇ ਗਏ ਕੰਮ ਵਜੋਂ ਹਾਲ ਹੀ ਵਿਚ ਪਾਲਮਪੁਰ ‘ਚ ਸਥਿਤ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟਿਕਲ ਐਜੂਕੇਸ਼ਨ ਐਂਡ ਰਿਸਰਚ ਦਾ ਨਿਰੀਖਣ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਸੰਸਥਾ ਤੋਂ ਗੈਰ-ਕਾਨੂੰਨੀ ਤੌਰ ‘ਤੇ ਲਾਭ ਲਏ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਖ਼ਿਲਾਫ਼ ਧਰਮਸ਼ਾਲਾ ਵਿਚ ਸਥਿਤ ਸਟੇਟ ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਪੁਲਿਸ ਥਾਣੇ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 (2018 ਵਿਚ ਸੋਧੇ) ਦੀ ਧਾਰਾ 13(2) ਤਹਿਤ ਇਕ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੋਹਾਂ ਨੂੰ ਐਤਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜਾਂਚ ਜਾਰੀ ਹੈ।