ਬਠਿੰਡਾ, 7 ਨਵੰਬਰ (ਪੰਜਾਬ ਮੇਲ)-ਭਾਰਤ ਵਿਚ 2024 ਦੇ ਵਿਆਹ-ਸ਼ਾਦੀਆਂ ਸੀਜ਼ਨ ਦੇ ਸ਼ੁਰੂਆਤੀ 35 ਦਿਨਾਂ ਵਿਚ 48 ਲੱਖ ਘਰਾਂ ਵਿਚ ਸ਼ਹਿਨਾਈਆਂ ਵੱਜਣ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ 15 ਦਸੰਬਰ ਤੋਂ 15 ਜਨਵਰੀ ਤੱਕ ਪੋਹ ਦਾ ਮਹੀਨਾ ਖ਼ਤਮ ਹੋਣ ਤੋਂ ਬਾਅਦ ਦੇਸ਼ ਵਿਚ ਹੋਣ ਵਾਲੇ ਵਿਆਹ ਸ਼ਾਦੀਆਂ ਦੀ ਰਫ਼ਤਾਰ ਇਕ ਦਮ ਵੱਧ ਜਾਵੇਗੀ। 16 ਦਸੰਬਰ ਤੋਂ ਬਾਅਦ 35 ਦਿਨਾਂ ਵਿਚ 48 ਲੱਖ ਜੋੜੇ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਦਿਨ-ਬ-ਦਿਨ ਵਧ ਰਹੀ ਮਹਿੰਗਾਈ ਕਾਰਨ ਇਨ੍ਹਾਂ ਸ਼ਾਦੀਆਂ ਵਿਚ ਲੋਕਾਂ ਦੀਆਂ ਜੇਬਾਂ ‘ਚੋਂ 6 ਲੱਖ ਕਰੋੜ ਰੁਪਏ ਖਰਚੇ ਕੀਤੇ ਜਾਣ ਦਾ ਅੰਦਾਜ਼ਾ ਹੈ। ਇਨ੍ਹਾਂ ਖਰਚਿਆਂ ਵਿਚ ਸਭ ਤੋਂ ਵੱਧ ਖਰਚਾ 15 ਫ਼ੀਸਦੀ ਸੋਨੇ, ਚਾਂਦੀ ਦੇ ਗਹਿਣਿਆਂ ‘ਤੇ ਖਰਚ ਕੀਤਾ ਜਾਵੇਗਾ। 10 ਫ਼ੀਸਦੀ ਪੈਸਾ ਕੱਪੜਿਆਂ ਅਤੇ 10 ਫ਼ੀਸਦੀ ਟੈਂਟਾਂ, ਪੈਲੇਸਾਂ ਅਤੇ ਹੋਰ ਸਜਾਵਟਾਂ ਲਈ ਅਤੇ 15 ਫ਼ੀਸਦੀ ਖਾਣ-ਪੀਣ ਲਈ ਮਿਠਾਈਆਂ, ਦਾਰੂ, ਸ਼ਰਾਬ, ਮੀਟ ਦੇ ਨਾਲ ਪੂਰੇ ਕੈਟਰਿੰਗ ਦੇ ਪ੍ਰਬੰਧਾਂ ਲਈ ਖਰਚ ਕੀਤਾ ਜਾਵੇਗਾ। ਇਸ ਦੇ ਨਾਲ 10 ਫ਼ੀਸਦੀ ਪੈਸਾ ਇਲੈਕਟ੍ਰਿਕ ਮਾਰਕੀਟ ‘ਚ ਟੀ.ਵੀ., ਏ.ਸੀ. ਅਤੇ ਹੋਰ ਘਰੇਲੂ ਇਲੈਕਟ੍ਰਿਕ ਸਾਮਾਨ ‘ਤੇ ਖਰਚ ਕੀਤੇ ਜਾ ਰਿਹਾ। 4 ਫ਼ੀਸਦੀ ਪੈਸਾ ਸ਼ਾਦੀਆਂ ਕਰਵਾਉਣ ਵਾਲੇ ਜੋੜਿਆਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਵੱਲੋਂ ਜੋੜੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਤੋਹਫ਼ੇ ਦੇਣ ਲਈ ਖਰਚ ਕੀਤੇ ਜਾਣ ਦਾ ਅੰਦਾਜ਼ਾ ਹੈ। 2 ਫ਼ੀਸਦੀ ਪੈਸਾ ਵਿਆਹ-ਸ਼ਾਦੀਆਂ ਦੇ ਸਮਾਗਮਾਂ ਦੀ ਫੋਟੋਗ੍ਰਾਫ਼ੀ ਅਤੇ ਪ੍ਰੀ-ਵੈਡਿੰਗ ਸ਼ੂਟ ਕਰਨ ਵਾਲੇ ਫੋਟੋਗ੍ਰਾਫ਼ਰਾਂ ਦੇ ਹਿੱਸੇ ਆਵੇਗਾ।
ਇਹ ਵੀ ਦੱਸਣਯੋਗ ਭਾਰਤ ਦੁਨੀਆਂ ਦਾ ਪਹਿਲਾ ਅਜਿਹਾ ਦੇਸ਼ ਹੈ, ਜਿਸ ਦੀਆਂ ਸੱਭਿਅਤਾ ਇੰਨੀ ਮਜ਼ਬੂਤ ਹੈ ਕਿ ਇਥੇ ਦੀ 98 ਫ਼ੀਸਦੀ ਸ਼ਾਦੀਆਂ ਸਥਾਈ ਹੁੰਦੀਆਂ ਹਨ। 98 ਫ਼ੀਸਦੀ ਜੋੜੇ ਆਪਣੇ ਵਿਆਹ ਬੰਧਨ ਨੂੰ ਆਖ਼ਰੀ ਸਾਹਾਂ ਤੱਕ ਨਿਭਾਉਣ ਨੂੰ ਪਹਿਲ ਦਿੰਦੇ ਹਨ। ਜੇਕਰ ਪੱਛਮੀ ਦੇਸ਼ਾਂ ਦੀ ਗੱਲ ਕੀਤੀ ਜਾਵੇ, ਤਾਂ ਉਥੋਂ ਦੇ 50 ਫ਼ੀਸਦੀ ਜੋੜੇ ਬਿਨ੍ਹਾਂ ਵਿਆਹ ਕਰਵਾਏ ‘ਰਿਲੇਸ਼ਨਸ਼ਿਪ’ ਵਿਚ ਰਹਿਣ ਨੂੰ ਪਹਿਲ ਦਿੰਦੇ ਹਨ। ਇਨ੍ਹਾਂ ਦੇਸ਼ਾਂ ਵਿਚ 50 ਫ਼ੀਸਦੀ ਘੱਟ ਸ਼ਾਦੀਆਂ ਸਥਾਈ ਹੁੰਦੀਆਂ ਹਨ। ਇਸੇ ਤਰ੍ਹਾਂ ਦੁਨੀਆਂ ਦੀ ਦੂਜੀ ਸਭ ਤੋਂ ਵੱਧ ਆਬਾਦੀ ਵਾਲੇ ਭਾਰਤ ਦੇ ਗੁਆਂਢੀ ਦੇਸ਼ ਚੀਨ ਵਿਚ 2023 ਅਤੇ 2024 ਵਿਚ 9 ਲੱਖ 43 ਹਜ਼ਾਰ ਨੌਜਵਾਨ ਜੋੜਿਆਂ ਵਲੋਂ ਵਿਆਹ ਕਰਵਾਏ ਗਏ ਸਨ। ਭਾਰਤ ਵਿਚ 50 ਲੱਖ ਦੇ ਕਰੀਬ ਸ਼ਾਦੀਆਂ ਸਿਰਫ਼ 35 ਦਿਨਾਂ ਵਿਚ ਹੋਣ ਜਾ ਰਹੀਆਂ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਡੇ ਦੇਸ਼ ਦਾ ਸੱਭਿਆਚਾਰ ਦੂਜੇ ਦੇਸ਼ਾਂ ਨਾਲ ਬਹੁਤ ਅੱਗੇ ਹੈ। ਇਥੋਂ ਦੀ ਨੌਜਵਾਨ ਪੀੜ੍ਹੀ 21ਵੀਂ ਸਦੀ ਵਿਚ ਆਪਣੇ ਮਾਪਿਆਂ ਦੇ ਸੰਸਕਾਰਾਂ ਤੇ ਦੇਸ਼ ਦੀਆਂ ਪ੍ਰੰਪਰਾਵਾਂ ਨਾਲ ਬੱਝੀ ਹੋਈ ਹੈ। ਇਹ ਵੀ ਦੱਸਣਯੋਗ ਹੈ ਕਿ ਪੱਛਮੀ ਦੇਸ਼ਾਂ ਦੇ ਵੱਧ ਰਹੇ ਪ੍ਰਭਾਵ ਦੇ ਬਾਵਜੂਦ ਵੀ 60 ਫ਼ੀਸਦੀ ਜੋੜੇ ਮਾਪਿਆਂ ਦੀ ਰਜ਼ਾ ਤੋਂ ਬਿਨ੍ਹਾਂ ਵਿਆਹ ਨਹੀਂ ਕਰਵਾ ਰਹੇ। ਭਾਰਤ ਵਿਚ ਬਹੁਗਿਣਤੀ ਸ਼ਾਦੀਆਂ ਹਿੰਦੂ ਵਿਆਹ ਐਕਟ ਅਧੀਨ ਰਜਿਸਟਰ ਹੁੰਦੀਆਂ ਹਨ।