ਮਾਲਮੋ, 24 ਜੁਲਾਈ (ਪੰਜਾਬ ਮੇਲ)- ਮਾਲਮੋ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਨੂੰ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਆਦੇਸ਼ਾਂ ਦੀ ਅਵੱਗਿਆ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਜੁਰਮਾਨਾ ਲਗਾਇਆ ਹੈ। ਥੁਨਬਰਗ ਨੇ ਵਾਤਾਵਰਨ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਪਿਛਲੇ ਮਹੀਨੇ ਦੱਖਣੀ ਸਵੀਡਿਸ਼ ਸ਼ਹਿਰ ਮਾਲਮੋ ਵਿਚ ਸੜਕ ਆਵਾਜਾਈ ਰੋਕੀ ਸੀ। ਥੁਨਬਰਗ (20) ਨੇ ਮੰਨਿਆ ਕਿ ਉਸ ਨੇ ਪੁਲਿਸ ਦੇ ਆਦੇਸ਼ਾਂ ਦੀ ਅਵੱਗਿਆ ਕੀਤੀ ਹੈ, ਪਰ ਖੁਦ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਅਜਿਹਾ ਕਦਮ ਮਜ਼ਬੂਰੀ ਵਿਚ ਚੁੱਕਿਆ ਗਿਆ। ਉਨ੍ਹਾਂ ਅਦਾਲਤ ਵਿਚ ਪੱਤਰਕਾਰਾਂ ਨੂੰ ਕਿਹਾ, ”ਵਿਗਿਆਨਕ ਢੰਗ ਨਾਲ ਕੰਮ ਕਰਨ ਵਾਲਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ।” ਅਦਾਲਤ ਵਿਚ ਪੇਸ਼ ਹੋਣ ਤੋਂ ਪਹਿਲਾਂ ਥੁਨਬਰਗ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਦਰਸ਼ਨ ਪੂਰੀ ਤਰ੍ਹਾਂ ਨਿਆਂਸੰਗਤ ਹੈ।