#AMERICA

ਵਲੇਹੋਂ ਦੀਆਂ ਤੀਆਂ ਸ਼ਾਨੋ-ਸ਼ੌਕਤ ਨਾਲ ਸੰਪੰਨ

ਵਲੇਹੋਂ, 23 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਦੇ ਖੂਬਸੂਰਤ ਸ਼ਹਿਰ ਵਲੇਹੋਂ ਵਿਖੇ ਪਿਛਲੇ ਲੰਮੇ ਸਮੇਂ ਤੋਂ ਤੀਆਂ ਦਾ ਤਿਉਹਾਰ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਵਾਰ ਵੀ ਇਨ੍ਹਾਂ ਤੀਆਂ ਦੀ ਪ੍ਰਬੰਧਕ ਸੁਨੀਤਾ ਵਰਮਾ ਅਤੇ ਉਨ੍ਹਾਂ ਦੀਆਂ ਸਾਥਣਾਂ ਵੱਲੋਂ ਇਹ ਤਿਉਹਾਰ ਬੜੀ ਕਾਮਯਾਬੀ ਨਾਲ ਕਰਵਾਇਆ ਗਿਆ। ਡੈਨ ਫੋਲੋ ਕਲਚਰਲ ਸੈਂਟਰ ਵਿਖੇ ਹੋਈਆਂ ਇਨ੍ਹਾਂ ਤੀਆਂ ਵਿਚ ਹਰ ਉਮਰ ਦੀਆਂ ਬੀਬੀਆਂ ਪੰਜਾਬੀ ਪਹਿਰਾਵੇ ਵਿਚ ਇਥੇ ਪਹੁੰਚੀਆਂ ਅਤੇ ਉਨ੍ਹਾਂ ਨੇ ਤੀਆਂ ਦਾ ਭਰਪੂਰ ਆਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸੁਨੀਤਾ ਵਰਮਾ ਨੇ ਆਏ ਹੋਏ ਮਹਿਮਾਨਾਂ, ਕਲਾਕਾਰਾਂ ਅਤੇ ਸਪਾਂਸਰਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਉਪਰੰਤ ਸਟੇਜ ਸਕੱਤਰ ਆਸ਼ਾ ਸ਼ਰਮਾ ਨੇ ਸਟੇਜ ਸੰਭਾਲੀ ਅਤੇ ਵਾਰੋ-ਵਾਰੀ ਸਮੂਹ ਟੀਮਾਂ ਨੂੰ ਸਟੇਜ ਤੋਂ ਪੇਸ਼ ਕੀਤਾ ਤੇ ਨਾਲ ਦੀ ਨਾਲ ਚੁਟਕੁਲੇ ਅਤੇ ਸ਼ੇਅਰੋ-ਸ਼ਾਇਰੀ ਰਾਹੀਂ ਆਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਇਨ੍ਹਾਂ ਤੀਆਂ ਵਿਚ ਛੋਟੀ ਬੱਚੀਆਂ ਤੋਂ ਲੈ ਕੇ ਬਜ਼ੁਰਗ ਬੀਬੀਆਂ ਨੇ ਪੂਰਾ ਸਮਾਂ ਸਟੇਜ ‘ਤੇ ਪੂਰੀ ਰੌਣਕ ਲਾਈ ਰੱਖੀ। ਉਨ੍ਹਾਂ ਵੱਲੋਂ ਗਿੱਧੇ, ਬੋਲੀਆਂ, ਸਕਿੱਟਾਂ, ਗੀਤ, ਡਾਂਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਡੀ.ਜੇ. ‘ਤੇ ਵੀ ਔਰਤਾਂ ਨੇ ਨੱਚ-ਗਾ ਕੇ ਆਪਣੇ ਚਾਅ ਪੂਰੇ ਕੀਤੇ।
ਇਸ ਮੌਕੇ ਖਾਣ-ਪੀਣ ਤੋਂ ਇਲਾਵਾ ਕੱਪੜੇ, ਗਹਿਣੇ, ਪੰਜਾਬੀ ਜੁੱਤੀ, ਮਹਿੰਦੀ ਆਦਿ ਦੇ ਸਟਾਲ ਵੀ ਲਾਏ ਗਏ, ਜਿੱਥੋਂ ਬੀਬੀਆਂ ਨੇ ਖਰੀਦੋ-ਫਰੋਖਤ ਕੀਤੀ। ਪੂਰਾ ਹਾਲ ਖਚਾਖਚ ਭਰਿਆ ਹੋਇਆ ਸੀ। ਅਖੀਰ ਵਿਚ ਸੁਨੀਤਾ ਵਰਮਾ ਨੇ ਸਮੂਹ ਆਏ ਹੋਏ ਮਹਿਮਾਨਾਂ, ਕਲਾਕਾਰਾਂ, ਸਪਾਂਸਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕੁੱਲ ਮਿਲਾ ਕੇ ਵਲੇਹੋਂ ਤੀਆਂ ਇਕ ਵਾਰ ਫਿਰ ਕਾਮਯਾਬੀ ਨਾਲ ਹੋ ਨਿਬੜੀਆਂ।