#PUNJAB

ਵਰਿੰਦਰ ਘੁੰਮਣ ਦੀ ਮੌਤ ਦਾ ਮਾਮਲਾ : ਡਾਕਟਰਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ

ਜਲੰਧਰ, 21 ਮਾਰਚ (ਪੰਜਾਬ ਮੇਲ)- ਇੰਟਰਨੈਸ਼ਨਲ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਨੇ 4 ਡਾਕਟਰਾਂ ਵਿਰੁੱਧ ਐੱਫ਼.ਆਈ.ਆਰ. ਦਰਜ ਕੀਤੀ ਹੈ। ਉਥੇ ਹੀ ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਘੁੰਮਣ ਦੇ ਭਰਾ ਰੱਬੀ ਨੇ ਕਿਹਾ ਕਿ ਇਕ ਦਿਨ ਪਹਿਲਾਂ ਹੀ ਮਾਮਲੇ ਨੂੰ ਲੈ ਕੇ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ। ਰੱਬੀ ਨੇ ਕਿਹਾ ਕਿ ਜਾਂਚ ਦੌਰਾਨ ਪੁਲਿਸ ਜਲਦੀ ਹੀ ਐੱਫ਼.ਆਈ.ਆਰ. ‘ਚ ਵਾਧੂ ਧਾਰਾਵਾਂ ਜੋੜੇਗੀ ਅਤੇ ਦੋਸ਼ੀ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ।
ਉਥੇ ਹੀ ਇਸ ਮਾਮਲੇ ‘ਚ ਆਉਣ ਵਾਲੇ ਸਮੇਂ ਵਿਚ ਹਸਪਤਾਲ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਐੱਫ਼.ਆਈ.ਆਰ. ਵਿਚ ਫੋਰਟਿਸ ਐਸਕਾਰਟਸ ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾ. ਤਪਿਸ਼ ਸ਼ੁਕਲਾ, ਸਲਾਹਕਾਰ ਅਨੱਸਥੀਸੀਓਲੋਜਿਸਟ, ਡਾ. ਅਲਕਾ ਤਿਵਾੜੀ, ਅਨੱਸਥੀਸੀਆ ਵਿਭਾਗ ਦੀ ਮੁਖੀ ਡਾ. ਰਾਜਿੰਦਰ ਕੌਰ ਅਤੇ ਸਲਾਹਕਾਰ ਕਾਰਡੀਓਲੋਜੀ ਡਾਕਟਰ, ਡਾ. ਅਰੁਣ ਕੁਮਾਰ ਚੋਪੜਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ‘ਚ 9 ਅਕਤੂਬਰ 2025 ਨੂੰ ਸਰਜਰੀ ਦੌਰਾਨ ਮੌਤ ਹੋ ਗਈ ਸੀ।
ਪਰਿਵਾਰ ਨੂੰ ਉਮੀਦ ਹੈ ਕਿ ਪੁਲਿਸ ਇਸ ਮਾਮਲੇ ‘ਚ ਓ.ਟੀ. ਸਟਾਫ਼ ਅਤੇ ਹੋਰ ਕਰਮਚਾਰੀਆਂ ਵਿਰੁੱਧ ਕਾਰਵਾਈ ਕਰੇਗੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵਰਿੰਦਰ ਘੁੰਮਣ ਦੀ ਮੌਤ ਸਬੰਧੀ ਕਾਫ਼ੀ ਸਬੂਤ ਹਨ, ਜੋ ਪੇਸ਼ ਕੀਤੇ ਜਾਣਗੇ ਅਤੇ ਉਸ ਮਾਮਲੇ ‘ਚ ਵੀ ਕਾਰਵਾਈ ਕੀਤੀ ਜਾਵੇਗੀ। ਰੱਬੀ ਨੇ ਦੱਸਿਆ ਕਿ ਬਾਡੀ ਬਿਲਡਰਾਂ ਨੂੰ ਅਕਸਰ ਦਿਲ ਦਾ ਦੌਰਾ ਪੈਣ ਦਾ ਟੈਗ ਲਗਾਇਆ ਜਾਂਦਾ ਹੈ ਪਰ ਉਨ੍ਹਾਂ ਦਾ ਭਰਾ ਘੁੰਮਣ ਜਾਗਰੂਕਤਾ ਫੈਲਾ ਰਿਹਾ ਸੀ ਅਤੇ ਲੋਕਾਂ ਲਈ ਇਕ ਰੋਲ ਮਾਡਲ ਸੀ। ਉਹ ਇਕ ਕੁਇੰਟਲ ਤੋਂ ਵੱਧ ਭਾਰ ਚੁੱਕਦਾ ਸੀ। ਉਨ੍ਹਾਂ ਕਿਹਾ ਕਿ ਸ਼ਾਇਦ ਭਰਾ ਦੀ ਮੌਤ ਦਾ ਇਨਸਾਫ਼ ਮਿਲਣ ‘ਚ ਸਮਾਂ ਲੱਗਿਆ ਹੋਵੇਗਾ ਪਰ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ ਹੈ। ਭਵਿੱਖ ‘ਚ ਇਸ ਮਾਮਲੇ ‘ਚ ਹੋਰ ਖ਼ੁਲਾਸੇ ਹੋਣਗੇ।
ਪਰਿਵਾਰ ਨੂੰ ਉਮੀਦ ਹੈ ਕਿ ਹਸਪਤਾਲ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਫ਼.ਆਈ.ਆਰ. ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਵਰਿੰਦਰ ਘੁੰਮਣ ਦੀ ਮੌਤ ਹਸਪਤਾਲ ‘ਚ ਇਕ ਆਪ੍ਰੇਸ਼ਨ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਸੀ। ਇਸ ਮਾਮਲੇ ਵਿਚ ਅੰਮ੍ਰਿਤਸਰ ਪੁਲਿਸ ਨੇ ਫੋਰਟਿਸ ਐਸਕਾਰਟਸ ਹਸਪਤਾਲ ਦੇ ਚਾਰ ਸੀਨੀਅਰ ਡਾਕਟਰਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 106(1) ਤਹਿਤ ਲਾਪ੍ਰਵਾਹੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।