#AMERICA

ਵਕੀਲਾਂ ਨੇ ਕਿਹਾ; Trump ਨੂੰ ਚੋਣ ਲੜਨੋਂ ਰੋਕਿਆ ਤਾਂ ਫੈਲ ਸਕਦੀ ਹੈ ਅਰਾਜਕਤਾ

ਵਾਸ਼ਿੰਗਟਨ ਸਟੇਟ ‘ਚ ਟਰੰਪ ਖ਼ਿਲਾਫ਼ ਦਾਇਰ ਪਟੀਸ਼ਨ ਕੋਰਟ ਤੋਂ ਖ਼ਾਰਜ
ਵਾਸ਼ਿੰਗਟਨ, 19 ਜਨਵਰੀ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਸਾਲ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਟਰੰਪ ਨੂੰ ਚੋਣ ਲੜਨ ਤੋਂ ਰੋਕਣ ਦੀ ਇਜਾਜ਼ਤ ਸੂਬਿਆਂ ਨੂੰ ਦਿੱਤੀ ਗਈ, ਤਾਂ ਅਰਾਜਕਤਾ ਤੇ ਅਸ਼ਾਂਤੀ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਟਰੰਪ ਦੇ ਵਕੀਲਾਂ ਨੇ ਵੀਰਵਾਰ ਨੂੰ ਅਮਰੀਕਾ ਦੀ ਸੁਪਰੀਮ ਕੋਰਟ ‘ਚ ਦਾਇਰ ਅਰਜ਼ੀ ‘ਚ ਇਹ ਗੱਲ ਕਹੀ ਹੈ। ਇਸ ‘ਚ ਤਰਕ ਦਿੱਤਾ ਗਿਆ ਹੈ ਕਿ ਸੁਪਰੀਮ ਕੋਰਟ ਨੂੰ ਕੋਲੋਰਾਡੋ ਦੇ ਫ਼ੈਸਲੇ ਨੂੰ ਪਲਟ ਦੇਣਾ ਚਾਹੀਦਾ ਹੈ ਕਿਉਂਕਿ ਟਰੰਪ ਸੰਵਿਧਾਨ ਦੀ ਧਾਰਾ-3 ‘ਚ ਦਿੱਤੇ ਨਿਯਮ ਅਧੀਨ ਨਹੀਂ ਆਉਂਦੇ। ਇਸ ‘ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਅਮਰੀਕਾ ਦਾ ਅਧਿਕਾਰੀ ਨਹੀਂ ਹੁੰਦਾ।
ਪਿਛਲੇ ਮਹੀਨੇ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਟਰੰਪ ਸੰਵਿਧਾਨਕ ਤੌਰ ‘ਤੇ 2024 ਦੀ ਚੋਣ ਲੜਨ ਦੇ ਯੋਗ ਨਹੀਂ ਹੈ ਕਿਉਂਕਿ ਉਨ੍ਹਾਂ ਦਾ 6 ਜਨਵਰੀ, 2021 ਦਾ ਵਿਹਾਰ ਵਿਦਰੋਹੀਆਂ ਦੇ ਅਹੁਦਾ ਧਾਰਨ ਕਰਨ ‘ਤੇ ਪਾਬੰਦੀ ਵਾਲੀ 14ਵੀਂ ਸੋਧ ਦੇ ਅਧੀਨ ਆਉਂਦਾ ਹੈ। ਵਕੀਲਾਂ ਨੇ ਕਿਹਾ ਕਿ ਜੇ ਕੋਲੋਰਾਡੋ ਵਾਂਗ ਹੋਰਨਾਂ ਸੂਬਿਆਂ ਦੀ ਕੋਰਟ ਤੇ ਅਧਿਕਾਰੀ ਰਿਪਬਲਿਕਨ ਪਾਰਟੀ ਤੋਂ ਚੋਣ ਲੜਨ ਦੇ ਮਜ਼ਬੂਤ ਦਾਅਵੇਦਾਰ ਟਰੰਪ ਦਾ ਨਾਂ ਪ੍ਰਾਇਮਰੀ ਚੋਣ ਤੋਂ ਹਟਾਉਣ ਦਾ ਫ਼ੈਸਲਾ ਲੈਂਦੇ ਹਨ, ਤਾਂ ਅਰਾਜਕਤਾ ਦੀ ਸਥਿਤੀ ਪੈਦਾ ਹੋਵੇਗੀ। ਇਸ ਦਰਮਿਆਨ ਵਾਸ਼ਿੰਗਟਨ ਸਟੇਟ ਦੀ ਪ੍ਰਾਇਮਰੀ ਚੋਣ ‘ਚ ਸ਼ਾਮਲ ਹੋਣ ਤੋਂ ਟਰੰਪ ਨੂੰ ਰੋਕਣ ਦੀ ਕੋਸ਼ਿਸ਼ ਨੂੰ ਇਕ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਇਸ ਸਬੰਧੀ ਦਾਇਰ ਕੀਤੀ ਗਈ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਕੈਪੀਟਲ ਹਿੰਸਾ ਮਾਮਲੇ ਕਾਰਨ ਉਹ ਇਸ ਦੇ ਲਈ ਅਯੋਗ ਹਨ।