#INDIA

ਲੱਦਾਖ ‘ਚ ਮਸ਼ਕ ਦੌਰਾਨ ਜੇ.ਸੀ.ਓ. ਸਣੇ ਪੰਜ ਫੌਜੀ ਸ਼ਯੋਕ ਨਦੀ ‘ਚ ਡੁੱਬੇ

-ਲੇਹ ਤੋਂ 148 ਕਿਲੋਮੀਟਰ ਦੂਰ ਅਸਲ ਕੰਟਰੋਲ ਰੇਖਾ ਨੇੜੇ ਮੰਦਰ ਮੋੜ ਕੋਲ ਵਾਪਰਿਆ ਹਾਦਸਾ
-ਰੱਖਿਆ ਮੰਤਰੀ ਰਾਜਨਾਥ ਨੇ ਹਾਦਸੇ ਨੂੰ ਮੰਦਭਾਗਾ ਦੱਸ ਕੇ ਦੁੱਖ ਜਤਾਇਆ
-ਖੜਗੇ ਨੇ ਵੀ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਤਾਈ
ਲੇਹ, 29 ਜੂਨ (ਪੰਜਾਬ ਮੇਲ)- ਲੱਦਾਖ ਵਿਚ ਅੱਜ ਵੱਡੇ ਤੜਕੇ ਨਯੋਮਾ-ਚੁਸ਼ੁਲ ਇਲਾਕੇ ‘ਚ ਅਸਲ ਕੰਟਰੋਲ ਰੇਖਾ ਦੇ ਨਾਲ ਸ਼ਯੋਕ ਨਦੀ ਵਿਚ ਆਏ ਹੜ੍ਹ ਵਿਚ ਟੀ-72 ਟੈਂਕ ਡੁੱਬਣ ਨਾਲ ਇਸ ਉੱਤੇ ਸਵਾਰ ਜੇ.ਸੀ.ਓ. (ਜੂਨੀਅਰ ਕਮਿਸ਼ਨਡ ਅਧਿਕਾਰੀ) ਸਣੇ ਥਲ ਸੈਨਾ ਦੇ ਪੰਜ ਜਵਾਨ ਡੁੱਬ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਦਸੇ ਨੂੰ ਮੰਦਭਾਗਾ ਦੱਸ ਕੇ ਦੁਖ ਜਤਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਇਥੋਂ 148 ਕਿਲੋਮੀਟਰ ਦੂਰ ਮੰਦਿਰ ਮੋੜ ਨੇੜੇ ਵੱਡੇ ਤੜਕੇ ਡੇਢ ਵਜੇ ਦੇ ਕਰੀਬ ਫੌਜੀ ਮਸ਼ਕ ਦੌਰਾਨ ਵਾਪਰਿਆ। ਲੇਹ ਆਧਾਰਿਤ ਫੌਜ ਦੇ ਪੀ.ਆਰ.ਓ. ਨੇ ਇਕ ਬਿਆਨ ਵਿਚ ਕਿਹਾ ਕਿ ਰਾਹਤ ਟੀਮਾਂ ਮੌਕੇ ‘ਤੇ ਭੇਜੀਆਂ ਗਈਆਂ, ਪਰ ਨਦੀ ਵਿਚ ਪਾਣੀ ਦਾ ਪੱਧਰ ਜ਼ਿਆਦਾ ‘ਤੇ ਵਹਾਅ ਤੇਜ਼ ਹੋਣ ਕਰਕੇ ਰਾਹਤ ਟੀਮਾਂ ਆਪਣੇ ਮਿਸ਼ਨ ਵਿਚ ਸਫਲ ਨਹੀਂ ਹੋਈਆਂ ਤੇ ਟੈਂਕ ਸਵਾਰ ਫੌਜੀਆਂ ਦੀ ਜਾਨ ਜਾਂਦੀ ਰਹੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ‘ਤੇ ਇਕ ਪੋਸਟ ਵਿਚ ਥਲ ਸੈਨਾ ਦੇ ਪੰਜ ਜਵਾਨਾਂ ਦੀ ਮੌਤ ‘ਤੇ ਦੁਖ ਜਤਾਇਆ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਵੀ ਸੰਵੇਨਦਾਵਾਂ ਜ਼ਾਹਿਰ ਕੀਤੀਆਂ।