#PUNJAB

ਲੱਕੀ ਓਬਰਾਏ ਕਤਲ ਮਾਮਲੇ ‘ਚ ਸ਼ਾਮਲ ਨੌਕਰ ਸ਼ਿੰਗਰੀ 4 ਦਿਨਾਂ ਦੇ ਰਿਮਾਂਡ ‘ਤੇ

ਜਲੰਧਰ, 13 ਫਰਵਰੀ (ਪੰਜਾਬ ਮੇਲ)- ਲੱਕੀ ਓਬਰਾਏ ਕਤਲ ਕੇਸ ਦੇ ਸਾਜ਼ਿਸ਼ ਕਰਤਾ ਨੌਕਰ ਸ਼ਮਿੰਦਰ ਸਿੰਘ ਪਵਾਰ ਉਰਫ਼ ਸ਼ਿੰਗਰੀ ਨੂੰ ਪੁਲਿਸ ਨੇ ਦੇਰ ਰਾਤ ਅੰਮ੍ਰਿਤਸਰ ਤੋਂ ਲਿਆਂਦਾ ਸੀ। ਉਸ ਨੂੰ ਬਾਅਦ ਵਿਚ ਦੇਰ ਰਾਤ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸ਼ਿੰਗਰੀ ਨੂੰ ਚਾਰ ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਿਸ ਲੱਕੀ ਦੇ ਕਤਲ ਦੀ ਸਾਜ਼ਿਸ਼ ਸਬੰਧੀ ਸ਼ਿੰਗਰੀ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਸ਼ਿੰਗਰੀ ਸੱਤ ਦਿਨਾਂ ਤੋਂ ਅੰਮ੍ਰਿਤਸਰ ਪੁਲਿਸ ਹਿਰਾਸਤ ਵਿਚ ਸੀ। ਹਾਲਾਂਕਿ ਪੁਲਿਸ ਅਜੇ ਤੱਕ ਸ਼ੂਟਰ ਗੁਰਤਾਜ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਹੁਸ਼ਿਆਰਪੁਰ ਪੁਲਿਸ ਦੀ ਜਾਂਚ ‘ਚ ਖ਼ੁਲਾਸਾ ਹੋਇਆ ਹੈ ਕਿ ਗੁਰਤਾਜ ਨੂੰ ਅਮਰੀਕਾ ‘ਚ ਰਹਿਣ ਵਾਲੇ ਜੋਗਾ ਫੋਲੜੀਵਾਲ ਨੇ ਪਨਾਹ ਦਿੱਤੀ ਸੀ। ਉਸ ਨੂੰ ਕੁਝ ਦਿਨਾਂ ਲਈ ਸ਼ਹਿਰ ‘ਚ ਪਨਾਹ ਦਿੱਤੀ ਗਈ ਸੀ ਅਤੇ ਫੰਡਿੰਗ ਵੀ ਦਿੱਤੀ ਸੀ। ਆਖਰੀ ਵਾਰ ਸ਼ੂਟਰ ਦੀ ਬਲਾਚੌਰ ਵਿਚ ਗੱਡੀ ਚਲਾਉਣ ਦੀ ਸੀ.ਸੀ.ਟੀ.ਵੀ. ਸਾਹਮਣੇ ਆਈ ਸੀ ਪਰ ਉਸ ਦੇ ਬਾਵਜੂਦ ਅਜੇ ਤੱਕ ਸ਼ੂਟਰ ਨੂੰ ਪੁਲਸ ਫੜ ਨਹੀਂ ਸਕੀ ਹੈ। ਹਾਲਾਂਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੋਹਾਲੀ, ਗੜ੍ਹਸ਼ੰਕਰ ਅਤੇ ਮਾਛੀਵਾੜਾ ਖੇਤਰਾਂ ਵਿਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੀਆਂ ਹਨ। ਤਿੰਨ ਰੂਟਾਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਟੀਮਾਂ 50-50 ਕਿਲੋਮੀਟਰ ਤੱਕ ਸੀ.ਸੀ.ਟੀ.ਵੀ. ਫੁਟੇਜ ਸਕੈਨ ਕਰ ਰਹੀਆਂ ਹਨ। ਟੀਮ ਰੈਸਟੋਰੈਂਟਾਂ, ਪੈਟਰੋਲ ਪੰਪਾਂ ਅਤੇ ਬੱਸ ਸਟਾਪਾਂ ‘ਤੇ ਕੈਮਰਿਆਂ ਦੀ ਵੀ ਸਮੀਖਿਆ ਕਰ ਰਹੀ ਹੈ।