#PUNJAB

ਲੰਬੀ ਦੇ ਪਿੰਡ ਖੇਮਾਖੇੜਾ ’ਚ 70 ਸਾਲਾ ਬਜ਼ੁਰਗ ਦੀ ਮੰਜੇ ਨਾਲ ਬੰਨ੍ਹ ਕੇ ਹੱਤਿਆ

ਲੰਬੀ, 10 ਫਰਵਰੀ (ਪੰਜਾਬ ਮੇਲ)- ਪਿੰਡ ਖੇਮਾਖੇੜਾ ਵਿੱਚ 70 ਸਾਲਾ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਘਰ ਦੇ ਮੂਹਰੇ ਸਥਿਤ ਦੁਕਾਨ-ਕਮ-ਡੇਅਰੀ ’ਚ ਸੁੱਤੇ ਮੰਗਲ ਰਾਮ ਦੀ ਅੱਜ ਤੜਕੇ ਕਰੀਬ ਸਾਢੇ ਤਿੰਨ ਵਜੇ ਲਾਸ਼ ਮਿਲੀ। ਉਸ ਦੀ ਲਾਸ਼ ਮੰਜੇ ਨਾਲ ਬੰਨ੍ਹੀ ਹੋਈ ਸੀ ਅਤੇ ਸਿਰ ’ਤੇ ਹਥੌੜੇ ਵਗੈਰਾ ਨਾਲ ਵਾਰ ਕਰਨ ਦੇ ਜਖ਼ਮ ਸਨ। ਸ਼ੁਰੂਆਤੀ ਤੌਰ ’ਤੇ ਮੰਨਿਆ ਜਾ ਰਿਹਾ ਕਿ ਚੋਰਾਂ ਨੇ ਬਜ਼ੁਰਗ ਦੀ ਹੱਤਿਆ ਕਰ ਦਿੱਤੀ। ਹੱਤਿਆਰੇ ਜਾਂਦੇ ਹੋਏ ਸੀਸੀਟੀਵੀ ਕੈਮਰੇ ਦਾ ਡੀਵੀਆਰ ਅਤੇ ਡੇਅਰੀ ’ਚ ਦੁੱਪ ਦੀ ਫੈਟ ਜਾਂਚਣ ਵਾਲੀਆਂ ਮਸ਼ੀਨਾਂ ਤੇ ਹੋਰ ਸਾਮਾਨ ਲੈ ਗਏ। ਚੋਰ ਘਰ ਦੀ ਪਿਛਲੀ ਕੰਧ ਤੋਂ ਦਾਖ਼ਲ ਹੋਏ। ਵਾਰਦਾਤ ਦਾ ਖੁਲਾਸਾ ਕਰੀਬ ਤੜਕੇ ਸਾਢੇ ਤਿੰਨ ਵਜੇ ਮਿ੍ਤਕ ਦੇ ਲੜਕੇ ਲਖਵਿੰਦਰ ਉਰਫ਼ ਲੱਖਾ ਦੇ ਜਾਗਣ ’ਤੇ ਹੋਇਆ। ਮਿ੍ਤਕ ਦੇ ਭਤੀਜੇ ਸੁਰਜੀਤ ਰਾਮ ਵਾਸੀ ਬਲੌਚਕੇਰਾ ਨੇ ਦੱਸਿਆ ਕਿ ਜਿਸ ਢੰਗ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਤੋਂ ਜਾਪਦਾ ਹੈ ਕਿ ਚੋਰੀ ਦੀ ਵਾਰਦਾਤ ਦਰਸਾ ਕੇ ਕਿਸੇ ਸਾਜ਼ਿਸ਼ ਤਹਿਤ ਉਸ ਦੇ ਚਾਚਾ ਮੰਗਲ ਰਾਮ ਦੀ ਹੱਤਿਆ ਕੀਤੀ ਗਈ ਹੈ। ਹੱਤਿਆਕਾਂਡ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਸੂਚਨਾ ਮਿਲਣ ’ਤੇ ਡੀਐੱਸਪੀ ਬਲਕਾਰ ਸਿੰਘ, ਥਾਣਾ ਲੰਬੀ ਦੇ ਮੁਖੀ ਮਨਿੰਦਰ ਸਿੰਘ ਅਤੇ ਪੁਲੀਸ ਅਮਲਾ ਮੌਕੇ ’ਤੇ ਪੁੱਜ ਗਏ। ਥਾਣਾ ਮੁਖੀ ਨੇ ਕਿਹਾ ਕਿ ਮੰਗਲ ਰਾਮ ਦੀ ਹੱਤਿਆ ਬਾਰੇ ਪੜਤਾਲ ਲਈ ਫੈਰੈਂਸਿਕ ਟੀਮ ਬੁਲਾਈ ਗਈ ਹੈ।

Leave a comment