ਲੰਡਨ, 21 ਨਵੰਬਰ (ਪੰਜਾਬ ਮੇਲ)- ਲੰਡਨ ਨੂੰ ਲਗਾਤਾਰ 10ਵੇਂ ਸਾਲ ਦੁਨੀਆਂ ਦੇ ਸਰਵੋਤਮ ਸ਼ਹਿਰਾਂ ਦੀ ਸਾਲਾਨਾ ਰੈਂਕਿੰਗ ‘ਚ ਸਭ ਤੋਂ ਵਧੀਆ ਸ਼ਹਿਰ ਚੁਣਿਆ ਗਿਆ। ਬ੍ਰਿਟੇਨ ਦੀ ਰਾਜਧਾਨੀ, New York, Paris ਅਤੇ Tokyo ਨੂੰ ਪਿੱਛੇ ਛੱਡ ਕੇ ਸਿਖਰ ‘ਤੇ ਬਰਕਰਾਰ ਹੈ। ਰੀਅਲ ਅਸਟੇਟ, ਸੈਰ-ਸਪਾਟਾ ਅਤੇ ਆਰਥਿਕ ਵਿਕਾਸ ‘ਚ ਗਲੋਬਲ ਸਲਾਹਕਾਰ ਰੈਜ਼ੋਨੈਂਸ ਵੱਲੋਂ ਤਿਆਰ ਕੀਤੀ ਗਈ ਰੈਂਕਿੰਗ, 1 ਮਿਲੀਅਨ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦਾ ਮੁਲਾਂਕਣ ਕਰਦੀ ਹੈ।
ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਰੈਂਕਿੰਗ ‘ਚ ਲੰਡਨ ਦਾ ਹਮੇਸ਼ਾ ਦਬਦਬਾ ਰਿਹਾ ਹੈ। ਭਾਵੇਂ ਮੁਲਾਂਕਣ ਦੇ ਮਾਪਦੰਡ ਹਰ ਸਾਲ ਬਦਲਦੇ ਰਹਿੰਦੇ ਹਨ। ਰੈਂਕਿੰਗ ਲੰਡਨ ਦੀ ਵਿਸ਼ਵਵਿਆਪੀ ਅਪੀਲ ਨੂੰ ਦਰਸਾਉਂਦੀ ਹੈ। ਇਹ ਇੱਕ ਅਜਿਹਾ ਸ਼ਹਿਰ ਹੈ, ਜੋ ਸੱਭਿਆਚਾਰਕ ਵਿਰਾਸਤ, ਮਜ਼ਬੂਤ ਵਪਾਰਕ ਬੁਨਿਆਦੀ ਢਾਂਚੇ ਦਾ ਪ੍ਰਤੀਕ ਰਿਹਾ ਹੈ। ਇਸ ਸਾਲ ਦੀ ਰੈਂਕਿੰਗ ਵਿਚ, ਜਨਤਕ ਧਾਰਨਾ ਨੂੰ ਸ਼ਾਮਲ ਕੀਤਾ ਗਿਆ। ਪਹਿਲੀ ਵਾਰ, 30 ਦੇਸ਼ਾਂ ਦੇ 22,000 ਤੋਂ ਵੱਧ ਲੋਕਾਂ ਦੀਆਂ ਜਾਣਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਵਿਸ਼ਲੇਸ਼ਣ ਵਿਚ ਧਾਰਨਾ-ਅਧਾਰਿਤ ਡਾਟਾ ਸ਼ਾਮਲ ਕੀਤਾ ਗਿਆ।
ਮੁਲਾਂਕਣ ‘ਚ ਕਈ ਹੋਰ ਕਾਰਕਾਂ ‘ਤੇ ਵਿਚਾਰ ਕੀਤਾ ਗਿਆ, ਜਿਸ ਵਿਚ ਵਾਤਾਵਰਣ ਦੀ ਗੁਣਵੱਤਾ, ਸੱਭਿਆਚਾਰਕ ਜੀਵਨ, ਭੋਜਨ, Night Life, ਖਰੀਦਦਾਰੀ ਅਤੇ ਵਪਾਰਕ ਬੁਨਿਆਦੀ ਢਾਂਚਾ ਸ਼ਾਮਲ ਹੈ। ਇਸ ਵਿਚ ਖੇਤਰੀ ਹਵਾਈ ਅੱਡੇ ਦੀ ਕਨੈਕਟੀਵਿਟੀ ਅਤੇ ਯੂਨੀਵਰਸਿਟੀਆਂ ਦੀ ਗੁਣਵੱਤਾ ਦਾ ਵੀ ਮੁਲਾਂਕਣ ਕੀਤਾ ਗਿਆ। ਰੋਜੋਨੈਂਸ ਦੇ ਪ੍ਰਧਾਨ ਅਤੇ ਸੀ.ਈ.ਓ. ਕ੍ਰਿਸ ਫੇਅਰ ਕਿਹਾ ਕਿ ਲੋਕ ਅੱਗੇ ਵੱਧ ਰਹੇ ਹਨ ਅਤੇ ਪਲਾਇਨ ਕਰ ਰਹੇ ਹਨ। ਮਹਾਮਾਰੀ ਦੌਰਾਨ ਇਹ ਰੁਝਾਨ ਹੋਰ ਵੱਧ ਗਿਆ। ਲੋਕ ਨਾ ਸਿਰਫ਼ ਕਿਫਾਇਤੀ ਸਗੋਂ ਮਨਮੋਹਕ ਸਥਾਨਾਂ ਦੀ ਵੀ ਤਲਾਸ਼ ਕਰ ਰਹੇ ਹਨ। ਨਤੀਜੇ ਦਰਸਾਉਂਦੇ ਹਨ ਕਿ ਦੁਨੀਆ ਭਰ ਦੇ ਲੋਕ ਸਭ ਤੋਂ ਵੱਡੇ ਸ਼ਹਿਰਾਂ ਵਿਚ ਰਹਿਣ, ਘੁੰਮਣ ਅਤੇ ਕੰਮ ਕਰਨ ਦੀ ਇੱਛਾ ਰੱਖਦੇ ਹਨ।