– ਪਾਰਟੀ ਆਗੂ ਨਹੀਂ ਦੇ ਸਕਣਗੇ ਪੈਸੇ ਜਾਂ ਸ਼ਰਾਬ ਦਾ ਲਾਲਚ
– ਨੋਡਲ ਅਫ਼ਸਰਾਂ ਨੂੰ ਚੌਕਸੀ ਰੱਖਣ ਦੇ ਹੁਕਮ
ਚੰਡੀਗੜ੍ਹ, 11 ਮਾਰਚ (ਪੰਜਾਬ ਮੇਲ)- ਲੋਕ ਸਭਾ ਚੋਣਾਂ ਨੂੰ ਲੈ ਕੇ ਯੂ.ਟੀ. ਦੇ ਮੁੱਖ ਚੋਣ ਅਧਿਕਾਰੀ ਵਿਜੈ ਐੱਨ. ਜਾਦੇ ਦੀ ਪ੍ਰਧਾਨਗੀ ਹੇਠ ਯੂ.ਟੀ. ਗੈਸਟ ਹਾਊਸ ‘ਚ ਮੀਟਿੰਗ ਹੋਈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਦਾ ਆਗੂ ਪੈਸੇ, ਸ਼ਰਾਬ ਜਾਂ ਕਿਸੇ ਹੋਰ ਚੀਜ਼ ਨਾਲ ਲੋਕਾਂ ਨੂੰ ਲਾਲਚ ਨਹੀਂ ਦੇ ਸਕੇਗਾ ਕਿਉਂਕਿ ਇਸ ਸਬੰਧੀ ਅਧਿਕਾਰੀ ਵੀ ਸਖ਼ਤ ਹੋ ਗਏ ਹਨ। ਇਸ ਸੈਸ਼ਨ ‘ਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਯੂ.ਟੀ., ਚੰਡੀਗੜ੍ਹ, ਆਮਦਨ ਕਰ ਵਿਭਾਗ, ਕੇਂਦਰੀ ਅਤੇ ਯੂ.ਟੀ. ਜੀ.ਐੱਸ.ਟੀ. ਅਧਿਕਾਰੀ, ਚੰਡੀਗੜ੍ਹ ਪੁਲਿਸ, ਕੇਂਦਰੀ ਹਥਿਆਰਬੰਦ ਪੁਲਿਸ ਬਲ, ਕੇਂਦਰੀ ਏਜੰਸੀਆਂ ਦੇ ਵੱਖ-ਵੱਖ ਰਾਜ ਨੋਡਲ ਅਫ਼ਸਰ, ਬੈਂਕਾਂ, ਡਾਕ ਵਿਭਾਗ, ਨਾਰਕੋਟਿਕਸ ਕੰਟਰੋਲ ਬਿਊਰੋ ਆਦਿ ਦੇ ਅਧਿਕਾਰੀ ਹਾਜ਼ਰ ਸਨ।
ਮੁੱਖ ਚੋਣ ਅਧਿਕਾਰੀ ਨੇ ਸਾਰੇ ਰਾਜ ਦੇ ਨੋਡਲ ਅਫ਼ਸਰਾਂ ਨੂੰ ਰੋਜ਼ਾਨਾ ਆਧਾਰ ‘ਤੇ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ, ਕੀਮਤੀ ਧਾਤਾਂ, ਮੁਫ਼ਤ ਵਸਤੂਆਂ ਆਦਿ ਨਾਲ ਸਬੰਧਿਤ ਜ਼ਬਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਨੋਡਲ ਅਫ਼ਸਰਾਂ ਨੂੰ ਵੀ ਪੋਲਿੰਗ ਮਿਤੀ ਤੋਂ ਪਹਿਲਾਂ ਲੋੜੀਂਦੀ ਸਿਖਲਾਈ ਦੇਣ ਤੋਂ ਬਾਅਦ ਫਲਾਇੰਗ ਸਕੁਐਡ ਟੀਮਾਂ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਦੀ ਨਿਯੁਕਤੀ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਚੰਡੀਗੜ੍ਹ ਸਥਿਤ ਬੈਂਕ ਦੇ ਸਟੇਟ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਦਰਸ਼ ਚੋਣ ਜ਼ਾਬਤੇ ਦੇ ਐਲਾਨ ਤੋਂ ਬਾਅਦ ਜ਼ਬਤੀ ਨਾਲ ਸਬੰਧਤ ਕੰਮ ਨੂੰ ਮੁਸ਼ਕਲ ਰਹਿਤ ਬਣਾਉਣ ਲਈ ਬੈਂਕ ਸ਼ਾਖਾਵਾਂ ਦੇ ਸਾਰੇ ਅਧਿਕਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨ।
ਡੀ.ਸੀ. ਵਿਨੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਰਾਜਾਂ ਦੇ ਨੋਡਲ ਅਫ਼ਸਰਾਂ ਨੂੰ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ, ਫਰੀਬਜ਼ ਆਦਿ ਜ਼ਬਤ ਕਰਨ ‘ਤੇ ਤਿੱਖੀ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਆਜ਼ਾਦ ਤੇ ਨਿਰਪੱਖ ਢੰਗ ਨਾਲ ਹੋਣੀਆਂ ਚਾਹੀਦੀਆਂ ਹਨ।