#INDIA #PUNJAB

ਲੋਕ ਸਭਾ ਵਿੱਚ ਬਿੱਟੂ ਅਤੇ ਚੰਨੀ ਮਿਹਣੋ-ਮਿਹਣੀ

ਨਵੀਂ ਦਿੱਲੀ, 26 ਜੁਲਾਈ (ਪੰਜਾਬ ਮੇਲ)- ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ’ਚ ਅੱਜ ਕੇਂਦਰ ਸਰਕਾਰ ’ਤੇ ਦੇਸ਼ ’ਚ ‘ਅਣਐਲਾਨੀ ਐਮਰਜੈਂਸੀ’ ਲਗਾਉਣ ਦਾ ਦੋਸ਼ ਲਾਇਆ। ਬਜਟ ’ਤੇ ਬਹਿਸ ’ਚ ਹਿੱਸਾ ਲੈਣ ਦੌਰਾਨ ਉਹ ਅਤੇ ਭਾਜਪਾ ਆਗੂ ਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਮਿਹਣੋ-ਮਿਹਣੀ ਵੀ ਹੋਏ। ਇਸ ਦੌਰਾਨ ਸਦਨ ਦੀ ਕਾਰਵਾਈ ਦੋ ਵਾਰ ਰੋਕਣੀ ਪਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਚੰਨੀ ਖ਼ਿਲਾਫ਼ ਮਰਿਆਦਾ ਮਤਾ ਲਿਆਉਣ ਦੀ ਮੰਗ ਕੀਤੀ। ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਨੂੰ ਖਾਲਿਸਤਾਨੀ ਕਰਾਰ ਦੇਣ ਲਈ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਸ ਵਾਰ ਦੇ ਬਜਟ ’ਚ ਪੰਜਾਬ ਨੂੰ ਅਣਗੌਲਿਆ ਕੀਤਾ ਗਿਆ ਹੈ।

ਚੰਨੀ ਅਤੇ ਰੇਲਵੇ ਤੇ ਫੂਡ ਪ੍ਰੋਸੈਸਿੰਗ ਸਨਅਤਾਂ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਨਿੱਜੀ ਟਿੱਪਣੀਆਂ ਕਾਰਨ ਜ਼ੋਰਦਾਰ ਹੰਗਾਮਾ ਹੋਇਆ। ਚੰਨੀ ਨੇ ਬਿੱਟੂ ਦੇ ਦਾਦੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦਾ ਜ਼ਿਕਰ ਕੀਤਾ। ਇਸ ਨਾਲ ਬਿੱਟੂ, ਜੋ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ, ਅਤੇ ਚੰਨੀ ਵਿਚਕਾਰ ਤਿੱਖੀ ਬਹਿਸ ਹੋਈ। ਬਿੱਟੂ ਨੇ ਚੰਨੀ ਅਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਖ਼ਿਲਾਫ਼ ਨਿੱਜੀ ਟਿੱਪਣੀਆਂ ਕੀਤੀਆਂ ਜਿਸ ਨਾਲ ਹੰਗਾਮਾ ਵਧ ਗਿਆ। ਚੰਨੀ ਨੇ ਬਿੱਟੂ ਨੂੰ ਕਿਹਾ, ‘‘ਤੁਹਾਡੇ ਦਾਦਾ ਸ਼ਹੀਦ ਸਨ, ਪਰ ਉਹ ਉਦੋਂ ਮਰ ਗਏ ਜਦੋਂ ਤੁਸੀਂ ਕਾਂਗਰਸ ਛੱਡ ਦਿੱਤੀ।’’ ਇਸ ’ਤੇ ਬਿੱਟੂ ਨੇ ਕਿਹਾ, “ਮੇਰੇ ਦਾਦਾ ਬੇਅੰਤ ਸਿੰਘ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ, ਕਾਂਗਰਸ ਲਈ ਨਹੀਂ।’’ ਉਨ੍ਹਾਂ ਚੰਨੀ ਨੂੰ ਪੰਜਾਬ ਦਾ ਸਭ ਤੋਂ ਭ੍ਰਿਸ਼ਟ ਵਿਅਕਤੀ ਕਰਾਰ ਦਿੱਤਾ। ਹੰਗਾਮਾ ਵਧਦਾ ਦੇਖ ਕੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ।

ਲੋਕ ਸਭਾ ’ਚ ਆਪਣੇ ਸੰਬੋਧਨ ਦੌਰਾਨ ਚੰਨੀ ਨੇ ਸਰਕਾਰ ’ਤੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰਨ ਦਾ ਦੋਸ਼ ਲਾਇਆ। ਚੰਨੀ ਨੇ ਕਿਹਾ, ‘‘ਇਹ ਦੇਸ਼ ਬਚਾਉਣ ਵਾਲਾ ਨਹੀਂ ਸਗੋਂ ਆਪਣੀ ਸਰਕਾਰ ਬਚਾਉਣ ਵਾਲਾ ਬਜਟ ਹੈ। ਉਨ੍ਹਾਂ ਪੰਜਾਬ ’ਚ ਆਏ ਹੜ੍ਹਾਂ ਦਾ ਕੋਈ ਹੱਲ ਨਹੀਂ ਕੱਢਿਆ ਅਤੇ ਨਾ ਹੀ ਉਜਰਤਾਂ ’ਚ ਕੋਈ ਵਾਧਾ ਕੀਤਾ ਹੈ। ਬਜਟ ’ਚ ਪੰਜਾਬ ਨੂੰ ਅਣਗੌਲਿਆ ਕੀਤਾ ਗਿਆ ਹੈ। ਜਲੰਧਰ ਨੂੰ ਸਮਾਰਟ ਸਿਟੀ ਐਲਾਨਿਆ ਗਿਆ ਸੀ ਪਰ ਉਥੇ ਅਜੇ ਵੀ ਗੰਦੇ ਪਾਣੀ ਅਤੇ ਨਸ਼ਿਆਂ ਦੀ ਸਮੱਸਿਆ ਹੈ।’’ ਚੰਨੀ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ, ਕੇਂਦਰੀ ਏਜੰਸੀਆਂ ਵੱਲੋਂ ਵਿਰੋਧੀ ਆਗੂਆਂ ਖ਼ਿਲਾਫ਼ ਕਾਰਵਾਈ ਅਤੇ ਕਿਸਾਨਾਂ, ਮਹਿਲਾ ਅਥਲੀਟਾਂ ਅਤੇ ਪੱਤਰਕਾਰਾਂ ਨਾਲ ਕਥਿਤ ਦੁਰਵਿਹਾਰ ਦੇ ਮੁੱਦੇ ਵੀ ਚੁੱਕੇ। ਕਾਂਗਰਸ ਆਗੂ ਨੇ ਮਨੀਪੁਰ ’ਚ ਲੰਬੇ ਸਮੇਂ ਤੋਂ ਚੱਲ ਰਹੇ ਅਸ਼ਾਂਤੀ ਦੇ ਦੌਰ ਅਤੇ ਹਾਥਰਸ ਸਮੂਹਿਕ ਜਬਰ-ਜਨਾਹ ਮਾਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਦੇਸ਼ ਅਣਐਲਾਨੀ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਲਈ ਭਾਜਪਾ ਜ਼ਿੰਮੇਵਾਰ ਹੈ। ਕਿਸਾਨ ਜਦੋਂ ਆਪਣੀਆਂ ਹੱਕੀ ਮੰਗਾਂ ਲਈ ਅੰਦੋਲਨ ਕਰਦੇ ਹਨ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਆਖਿਆ ਜਾਂਦਾ ਹੈ। ਇਹ ਵੀ ਐਮਰਜੈਂਸੀ ਹੈ।’ ਸਦਨ ’ਚੋਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੀ ਗ਼ੈਰਹਾਜ਼ਰੀ ਵੱਲ ਇਸ਼ਾਰਾ ਕਰਦਿਆਂ ਚੰਨੀ ਨੇ ਕਿਹਾ ਕਿ ‘ਕੇਂਦਰ ਸਰਕਾਰ ਦੇ 10 ਸਾਲ ਸੱਤਾ ’ਚ ਰਹਿਣ ਕਾਰਨ ਉਨ੍ਹਾਂ ਕੋਲ ਵਿਚਾਰ ਮੁੱਕ ਗਏ ਹਨ। ‘ਉਨ੍ਹਾਂ ਦੀਆਂ ਸੀਟਾਂ ਖਾਲੀ ਹਨ। ਉਨ੍ਹਾਂ ਨੂੰ ਬਜਟ ਸਮਝਾਉਣਾ ਚਾਹੀਦਾ ਹੈ ਪਰ ਉਥੇ ਕੋਈ ਵੀ ਨਹੀਂ ਹੈ। ਇਸ ਤੋਂ ਤੁਹਾਡੀ ਸੰਜੀਦਗੀ ਦਾ ਪਤਾ ਲਗਦਾ ਹੈ।’

ਚੰਨੀ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਕਾਂਗਰਸ ਸਰਕਾਰ ਕਾਰਨ ਸਿੱਖਿਆ ਹਾਸਲ ਕੀਤੀ। ਭਾਜਪਾ ਨੇ 2014 ’ਚ ਘੱਟ ਗਿਣਤੀਆਂ ਅਤੇ ਦਲਿਤ ਬੱਚਿਆਂ ਦੇ ਵਜ਼ੀਫ਼ਿਆਂ ’ਚ ਕਟੌਤੀ ਕਰ ਦਿੱਤੀ ਸੀ। ਡਿੱਗ ਰਹੇ ਰੁਪਏ ਲਈ ਸਰਕਾਰ ਨੂੰ ਘੇਰਦਿਆਂ ਚੰਨੀ ਨੇ ਦਾਅਵਾ ਕੀਤਾ, ‘‘ਡਾਲਰ ਦੀ ਕੀਮਤ ਪਿਛਲੇ 10 ਸਾਲਾਂ ’ਚ 25 ਰੁਪਏ ਤੱਕ ਵਧ ਗਈ ਜਦਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ 10 ਸਾਲਾਂ ਦੇ ਰਾਜ ’ਚ ਇਹ ਸਿਰਫ਼ 13 ਰੁਪਏ ਹੀ ਵਧਿਆ ਸੀ। ਕਈ ਵਾਰ ਮਹਿਸੂਸ ਹੁੰਦਾ ਹੈ ਕਿ ਰੁਪਏ ਅਤੇ ਸਰਕਾਰ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ ਕਿ ਕੌਣ ਤੇਜ਼ੀ ਨਾਲ ਡਿੱਗੇਗਾ।’’ ਉਨ੍ਹਾਂ ਬਾਲਣ ਦੀਆਂ ਕੀਮਤਾਂ ’ਚ ਵਾਧੇ ਅਤੇ ਹਵਾਈ ਅੱਡਿਆਂ ਦੇ ਨਿੱਜੀਕਰਨ ਦਾ ਮੁੱਦਾ ਵੀ ਚੁੱਕਿਆ। ਚੰਨੀ ਨੇ ਦਾਅਵਾ ਕੀਤਾ, ‘‘ਹਵਾਈ ਅੱਡੇ ’ਤੇ ਮੇਰਾ ਕਿਸੇ ਨੇ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਅਡਾਨੀ ਦੀ ਕੰਪਨੀ ਤੋਂ ਹੈ ਕਿਉਂਕਿ ਉਨ੍ਹਾਂ 50 ਸਾਲਾਂ ਲਈ ਹਵਾਈ ਅੱਡਾ ਠੇਕੇ ’ਤੇ ਲਿਆ ਹੈ। ਜਹਾਜ਼ ’ਚ ਮੈਂ ਪੁੱਛਿਆ ਕਿ ਕੀ ਇਹ ਵੀ ਵਿਕ ਚੁੱਕਿਆ ਹੈ। ਸੱਤ ਹਵਾਈ ਅੱਡੇ ਅਡਾਨੀ ਨੂੰ ਦਿੱਤੇ ਗਏ ਹਨ।’’ ਚੰਨੀ ਨੇ ਗੁਰਦੁਆਰੇ ’ਚ ਆਪਣੇ ਪੁੱਤਰ ਦੇ ਸਾਧਾਰਨ ਵਿਆਹ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ 1000 ਕਰੋੜ ਦੇ ਵਿਆਹ ’ਚ ਹਾਜ਼ਰੀ ਭਰਨ ਦੀ ਤੁਲਨਾ ਵੀ ਕੀਤੀ। ਚੰਨੀ ਨੇ ਕਿਹਾ ਕਿ ਉਨ੍ਹਾਂ ਅਤੇ ਅੰਗਰੇਜ਼ਾਂ ਵਿਚਕਾਰ ਚਮੜੀ ਦੇ ਰੰਗ ਨੂੰ ਛੱਡ ਕੇ ਹੋਰ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ ਹੈ।

ਹੰਗਾਮੇ ਦੌਰਾਨ ਸਪੀਕਰ ਦੀ ਕੁਰਸੀ ’ਤੇ ਬੈਠੀ ਭਾਜਪਾ ਮੈਂਬਰ ਸੰਧਿਆ ਰੇਅ ਨੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ। ਜਦੋਂ ਸਦਨ ਮੁੜ ਜੁੜਿਆ ਤਾਂ ਰੱਖਿਆ ਮੰਤਰੀ ਅਤੇ ਲੋਕ ਸਭਾ ਦੇ ਉਪ ਨੇਤਾ ਰਾਜਨਾਥ ਸਿੰਘ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਅਸੰਸਦੀ ਹਵਾਲਿਆਂ ਨੂੰ ਕਾਰਵਾਈ ’ਚੋਂ ਕੱਢ ਦੇਣ। ਸਪੀਕਰ ਓਮ ਬਿਰਲਾ ਨੇ ਸਰਕਾਰੀ ਅਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਉਹ ਸਦਨ ਦੀ ਮਰਿਆਦਾ ਕਾਇਮ ਰੱਖਣ। ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਨਿਯਮ ਨਹੀਂ ਤੋੜਨੇ ਚਾਹੀਦੇ ਹਨ। ਚੰਨੀ ਨੇ ਇਸ ਮਗਰੋਂ ਆਪਣਾ ਭਾਸ਼ਣ ਜਾਰੀ ਰੱਖਿਆ। ਉਨ੍ਹਾਂ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਕੁਝ ਕਿਸਾਨ ਆਗੂਆਂ ਵਿਚਕਾਰ ਬੁੱਧਵਾਰ ਨੂੰ ਹੋਈ ਮੀਟਿੰਗ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਵੀ ਸਮਾਂ ਮੰਗਿਆ ਸੀ ਪਰ ਉਹ ਨਹੀਂ ਮਿਲਿਆ। ਚੰਨੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਕੀਤੇ।

ਇਸ ’ਤੇ ਵਣਜ ਮੰਤਰੀ ਪਿਯੂਸ਼ ਗੋਇਲ ਨੇ ਦਖ਼ਲ ਦਿੰਦਿਆਂ ਕਾਂਗਰਸ ਮੈਂਬਰ ’ਤੇ ਦੋਸ਼ ਲਾਇਆ ਕਿ ਉਹ ਸਦਨ ਨੂੰ ਗੁੰਮਰਾਹ ਕਰ ਰਹੇ ਹਨ। ਜਿਵੇਂ ਹੀ ਚੰਨੀ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਦੀਆਂ ਧਾਰਾਵਾਂ ਲਾਈਆਂ ਗਈਆਂ ਹਨ ਤਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਚੰਨੀ ਇਹ ਦੋਸ਼ ਸਾਬਤ ਕਰਨ। ਰਿਜਿਜੂ ਨੇ ਚੰਨੀ ਖ਼ਿਲਾਫ਼ ਮਰਿਆਦਾ ਮਤਾ ਪੇਸ਼ ਕਰਨ ਲਈ ਚੇਅਰ ਨੂੰ ਬੇਨਤੀ ਕੀਤੀ। ਚੰਨੀ ਵੱਲੋਂ ਭਾਸ਼ਣ ਖ਼ਤਮ ਕੀਤੇ ਜਾਣ ਦੇ ਬਾਅਦ ਵੀ ਹੁਕਮਰਾਨ ਅਤੇ ਵਿਰੋਧੀ ਧਿਰਾਂ ਵਿਚਕਾਰ ਸ਼ਬਦੀ ਜੰਗ ਚਲਦੀ ਰਹੀ ਜਿਸ ਮਗਰੋਂ ਚੇਅਰ ਨੇ ਸਦਨ ਦੀ ਕਾਰਵਾਈ 3 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਮਗਰੋਂ ਮੁੜ ਸਦਨ ਦੀ ਕਾਰਵਾਈ ਸ਼ੁਰੂ ਹੋਈ।