#PUNJAB

ਲੋਕ ਸਭਾ ਚੋਣਾਂ 2024; ਗੁਰਦਾਸਪੁਰ ਚੋਣ ਮੈਦਾਨ ਫਤਹਿ ਕਰਨ ਲਈ ਸਾਰੀਆਂ ਧਿਰਾਂ ਪੱਬਾਂ ਭਾਰ

-ਕਾਂਗਰਸ, ਅਕਾਲੀ ਦਲ, ‘ਆਪ’ ਤੇ ਭਾਜਪਾ ਦਰਮਿਆਨ ਹੋਵੇਗਾ ਮੁੱਖ ਮੁਕਾਬਲਾ
ਰਮਦਾਸ, 22 ਮਈ (ਪੰਜਾਬ ਮੇਲ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਇਸ ਵਾਰ ਕਾਂਗਰਸ ਆਪਣਾ ਕਿਲ੍ਹਾ ਮੁੜ ਫਤਿਹ ਕਰਨ, ਭਾਜਪਾ ਕਿਲ੍ਹਾ ਬਚਾਉਣ ਅਤੇ ‘ਆਪ’ ਸੰਨ੍ਹ ਲਾਉਣ ਲਈ ਪੱਬਾਂ ਭਾਰ ਹਨ। ਇੱਥੇ ਅਕਾਲੀ ਦਲ ਵਲੋਂ ਵੀ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਇਸ ਹਲਕੇ ਤੋਂ ਇਸ ਵਾਰ ਚਹੁਕੋਣਾ ਮੁਕਾਬਲਾ ਹੈ। ਇਸ ਵਾਰ ਭਾਜਪਾ ਤੋਂ ਅਲੱਗ ਹੋ ਕੇ ਮੈਦਾਨ ਵਿਚ ਉਤਰਿਆ ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਹੋਂਦ ਦਿਖਾਉਣ ਦੀ ਲੜਾਈ ਲੜ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਭਾਈਵਾਲੀ ਸਮੇਂ ਇਹ ਸੀਟ ਭਾਜਪਾ ਦੇ ਖਾਤੇ ਵਿਚ ਜਾਂਦੀ ਸੀ। ਅਕਾਲੀ ਦਲ ਪਹਿਲੀ ਵਾਰ ਨੀਮ ਪਹਾੜੀ ਇਲਾਕਿਆਂ ਵਿਚ ਆਪਣੀ ਥਾਂ ਲੱਭ ਰਿਹਾ ਹੈ। ਪਠਾਨਕੋਟ, ਸੁਜਾਨਪੁਰ, ਭੋਆ ਅਤੇ ਦੀਨਾਨਗਰ ਵਿਧਾਨ ਸਭਾ ਹਲਕਿਆਂ ਵਿਚ ਅਕਾਲੀ ਦਲ ਵੱਲੋਂ ਪਹਿਲਾਂ ਕਦੇ ਧਿਆਨ ਨਹੀਂ ਸੀ ਦਿੱਤਾ ਜਾਂਦਾ ਸੀ ਪਰ ਇਸ ਵਾਰ ਇਨ੍ਹਾਂ ਹਲਕਿਆਂ ਵਿਚ ਅਕਾਲੀ ਦਲ ਜ਼ੋਰ ਲਾ ਰਿਹਾ ਹੈ।
ਉਧਰ ਕਾਂਗਰਸ ਪਾਰਟੀ 1952 ਤੋਂ ਬਾਅਦ 12 ਵਾਰ ਇਸ ਹਲਕੇ ‘ਤੇ ਕਾਬਜ਼ ਰਹੀ, ਉਹ ਹੁਣ ਆਪਣੇ ਕਿਲ੍ਹੇ ‘ਤੇ ਮੁੜ ਕਾਬਜ਼ ਹੋਣ ਲਈ ਪੂਰੀ ਤਾਕਤ ਲਗਾ ਰਹੀ ਹੈ। ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਵੀ ਹਨ ਅਤੇ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਇਕ ਵੀ। ਉਨ੍ਹਾਂ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ। ਗੁਰਦਾਸਪੁਰ ਪੰਜਾਬ ਵਿਚ ਇਕੋ ਇਕ ਅਜਿਹਾ ਲੋਕ ਸਭਾ ਹਲਕਾ ਹੈ, ਜਿੱਥੇ ਕਾਂਗਰਸ ਦਾ ਸੱਤ ਵਿਧਾਨ ਸਭਾ ਹਲਕਿਆਂ ‘ਤੇ ਕਬਜ਼ਾ ਹੈ, ਜਦਕਿ ਬਟਾਲਾ ‘ਤੇ ‘ਆਪ’ ਅਤੇ ਪਠਾਨਕੋਟ ‘ਤੇ ਭਾਜਪਾ ਕਾਬਜ਼ ਹੈ। ਉਧਰ ਭਾਰਤੀ ਜਨਤਾ ਪਾਰਟੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਚਾਰ ਕਰਨ ਲਈ ਆ ਰਹੇ ਹਨ। ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਅਕਾਲੀ ਦਲ ਨਾਲ ਤੋੜ-ਵਿਛੋੜੇ ਕਾਰਨ ਪੇਂਡੂ ਹਲਕਿਆਂ ਵਿਚ ਭਾਜਪਾ ਲਈ ਰਾਹ ਸੌਖਾ ਨਹੀਂ ਹੈ। ਉਧਰ ਕਾਂਗਰਸ ਲਈ ਜਿੱਤ ਹਾਸਲ ਕਰਨ ਲਈ ਏਕਾ ਬਹੁਤ ਜ਼ਰੂਰੀ ਹੈ। ਪ੍ਰਤਾਪ ਸਿੰਘ ਬਾਜਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਇੱਕਜੁੱਟ ਹੋ ਕੇ ਚੱਲਣਾ ਪੈਣਾ ਹੈ। ਇਨ੍ਹਾਂ ਤਿੰਨਾਂ ਆਗੂਆਂ ਦੇ ਆਪਸੀ ਮੇਲ ਨਾਲ ਹੀ ਕਾਂਗਰਸ ਦਾ ਬੇੜਾ ਪਾਰ ਲੱਗ ਸਕਦਾ ਹੈ। ਜੇਕਰ ਪਿਛਲੇ ਸਮਿਆਂ ਦੀ ਗੱਲ ਕਰੀਏ, ਤਾਂ ਗੁੱਟਬੰਦੀ ਕਾਰਨ ਪ੍ਰਤਾਪ ਸਿੰਘ ਬਾਜਵਾ ਦਾ ਧੜਾ ਵੱਖਰਾ ਹੁੰਦਾ ਸੀ ਪਰ ਇਸ ਵਾਰ ਇਨ੍ਹਾਂ ਵਿਚਕਾਰ ਨਜ਼ਦੀਕੀਆਂ ਬਣ ਗਈਆਂ ਹਨ ਅਤੇ ਇਹ ਨੇੜਤਾ ਚੋਣਾਂ ਵਿਚ ਕਿੰਨੀ ਕੁ ਸਾਰਥਕ ਹੁੰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਦੂਜੇ ਪਾਸੇ ਆਮ ਆਦਮੀ ਪਾਰਟੀ ਵਲੋਂ ਪੂਰੇ ਕਮਰਕੱਸੇ ਕੀਤੇ ਗਏ ਹਨ। ‘ਆਪ’ ਵਲੋਂ ਆਪਣੇ ਵਿਧਾਇਕ ਸ਼ੈਰੀ ਕਲਸੀ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਦੇ ਹੱਕ ਵਿਚ ਰੈਲੀਆਂ ਕੀਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਆਪਣੀ ਹੋਂਦ ਦੀ ਲੜਾਈ ਲੜੀ ਜਾ ਰਹੀ ਹੈ। ਅਕਾਲੀ ਦਲ ਨੂੰ ਡੇਰਾ ਬਾਬਾ ਨਾਨਕ ਹਲਕੇ ਤੋਂ ਉਨ੍ਹਾਂ ਦੇ ਆਗੂ ਰਵੀਕਰਨ ਸਿੰਘ ਕਾਹਲੋਂ ਦੇ ਭਾਜਪਾ ਵਿਚ ਜਾਣ ਦਾ ਝਟਕਾ ਜ਼ਰੂਰ ਲੱਗਾ ਹੈ ਪਰ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਪੇਂਡੂ ਖੇਤਰਾਂ ਵਿਚ ਪੂਰੀਆਂ ਰੈਲੀਆਂ ਕਰ ਰਹੇ ਹਨ।