ਲੁਧਿਆਣਾ, 24 ਅਪ੍ਰੈਲ (ਪੰਜਾਬ ਮੇਲ)-ਸੂਬੇ ਦੀ ਰਾਜਨੀਤੀ ਵਿਚ ਵੱਖਰੀ ਪਛਾਣ ਰੱਖਣ ਵਾਲੇ ਲੁਧਿਆਣਾ ਦੇ ਬੈਂਸ ਭਰਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੰਪਰਕ ਵਿਚ ਹਨ। ਪਹਿਲਾਂ ਭਾਜਪਾ, ਫਿਰ ਕਾਂਗਰਸ ਤੇ ਹੁਣ ਸਿਆਸੀ ਚਰਚਾ ਹੈ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਅਕਾਲੀ ਦਲ ਨਾਲ ਜਾ ਸਕਦੇ ਹਨ। ਇਹ ਵੀ ਚਰਚਾ ਹੈ ਕਿ ਸਿਮਰਜੀਤ ਬੈਂਸ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਹੋਣ। ਸ਼ਹਿਰ ਦੀਆਂ 2 ਸੀਟਾਂ ‘ਤੇ ਆਜ਼ਾਦ ਚੋਣ ਲੜ ਕੇ ਜਿੱਤਣ ਵਾਲੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਹੁਣ ਸ਼ਹਿਰ ਦੀ ਸਿਆਸਤ ‘ਚ ਨਵੀਂ ਚਰਚਾ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਇਹ ਚਰਚਾ ਚੱਲ ਰਹੀ ਹੈ ਕਿ ਬੈਂਸ ਅਕਾਲੀ ਦਲ ‘ਚ ਜਾ ਸਕਦੇ ਹਨ ਤੇ ਉਨ੍ਹਾਂ ਦੀ ਘਰ ਵਾਪਸੀ ਹੋ ਸਕਦੀ ਹੈ। ਆਉਣ ਵਾਲੇ 1-2 ਦਿਨਾਂ ‘ਚ ਪੂਰੀ ਤਸਵੀਰ ਸਾਫ਼ ਹੋ ਜਾਵੇਗੀ।
ਸਿਮਰਜੀਤ ਸਿੰਘ ਬੈਂਸ ਆਪਣੀ ਲੋਕ ਇਨਸਾਫ਼ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨਾ ਚਾਹੁੰਦੇ ਹਨ ਤੇ ਉਹ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਨਾਲ ਗੱਠਜੋੜ ਕੀਤਾ ਜਾਵੇ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਇਹ ਚਾਹੁੰਦੇ ਹਨ ਕਿ ਬੈਂਸ ਆਪਣੀ ਪਾਰਟੀ ਦਾ ਰਲੇਵਾਂ ਅਕਾਲੀ ਦਲ ‘ਚ ਕਰਨ ਤੇ ਘਰ ਵਾਪਸੀ ਕਰਨ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਚੋਣ ਮੈਦਾਨ ‘ਚ ਜ਼ਰੂਰ ਉਤਰਨਗੇ। ਉਨ੍ਹਾਂ ਦੀ ਪਾਰਟੀ ਕੋਰ ਕਮੇਟੀ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ।
ਲੋਕ ਸਭਾ ਚੋਣਾਂ : ਬੈਂਸ ਭਰਾਵਾਂ ਦੀ ਅਕਾਲੀ ਦਲ ‘ਚ ਹੋ ਸਕਦੀ ਹੈ ਵਾਪਸੀ!
