ਨਵੀਂ ਦਿੱਲੀ, 15 ਅਪ੍ਰੈਲ (ਪੰਜਾਬ ਮੇਲ)- ਲੋਕ ਸਭਾ ਚੋਣਾਂ ਲਈ ਸਿਆਸਤਦਾਨ ਅਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀ ਦੇਸ਼ ਭਰ ‘ਚ ਦੌਰਾ ਕਰ ਰਹੇ ਹਨ, ਜਿਸ ਨਾਲ ਚਾਰਟਰਡ ਅਤੇ ਹੈਲੀਕਾਪਟਰ ਦੀ ਮੰਗ 40 ਫ਼ੀਸਦੀ ਤੱਕ ਵਧ ਗਈ ਹੈ। ਮਾਹਿਰਾਂ ਅਨੁਸਾਰ ਇਸ ਨਾਲ ਨਿੱਜੀ ਜਹਾਜ਼ ਤੇ ਹੈਲੀਕਾਪਟਰ ਸੰਚਾਲਕਾਂ ਨੂੰ 15-20 ਫ਼ੀਸਦੀ ਵੱਧ ਕਮਾਈ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਚਾਰਟਰਡ ਸੇਵਾਵਾਂ ਲਈ ਪ੍ਰਤੀ ਘੰਟਾ ਦਰਾਂ ਵੀ ਵੱਧ ਗਈਆਂ ਹਨ।
ਦੱਸ ਦੇਈਏ ਕਿ ਇਕ ਜਹਾਜ਼ ਲਈ ਫ਼ੀਸ ਲਗਭਗ 4.5-5.25 ਲੱਖ ਰੁਪਏ ਤੇ 2 ਇੰਜਣ ਵਾਲੇ ਹੈਲੀਕਾਪਟਰ ਲਈ ਲਗਭਗ 1.5-1.7 ਲੱਖ ਰੁਪਏ ਹੈ। ਜਿੱਥੇ ਆਮ ਸਮਾਂ ਅਤੇ ਪਿਛਲੇ ਚੋਣ ਸਾਲਾਂ ਦੀ ਤੁਲਨਾ ‘ਚ ਮੰਗ ਵਧੀ ਹੈ, ਫਿਕਸਡ ਵਿੰਗ ਜਹਾਜ਼ ਅਤੇ ਹੈਲੀਕਾਪਟਰ ਦੀ ਉਪਲੱਬਧਤਾ ਵੀ ਘੱਟ ਗਿਣਤੀ ‘ਚ ਹੈ। ਕੁਝ ਸੰਚਾਲਕ ਦੂਜੀ ਕੰਪਨੀ ਤੋਂ ਜਹਾਜ਼ ਅਤੇ ਹੈਲੀਕਾਪਟਰ ਚਾਲਕ ਦਲ ਨਾਲ ਲੈਣਾ ਚਾਹ ਰਹੇ ਹਨ। ਰੋਟਰੀ ਵਿੰਗ ਸੋਸਾਇਟੀ ਆਫ ਇੰਡੀਆ (ਆਰ.ਡਬਲਯੂ.ਐੱਸ.ਆਈ.) ਦੇ ਪ੍ਰਧਾਨ (ਪੱਛਮੀ ਖੇਤਰ) ਕੈਪਟਨ ਉਦੈ ਗੇਲੀ ਨੇ ਦੱਸਿਆ ਕਿ ਹੈਲੀਕਾਪਟਰ ਦੀ ਮੰਗ ਵਧੀ ਹੈ ਅਤੇ ਇਹ ਆਮ ਮਿਆਦ ਦੀ ਤੁਲਨਾ ‘ਚ ਚੋਣ ਮਿਆਦ ‘ਚ 25 ਫ਼ੀਸਦੀ ਤੱਕ ਵਧ ਹੈ।
ਦੂਜੇ ਪਾਸੇ ਮੰਗ ਦੀ ਤੁਲਨਾ ‘ਚ ਇਸ ਦੀ ਸਪਲਾਈ ਘੱਟ ਹੈ। ਆਮ ਤੌਰ ‘ਤੇ ਸਿਆਸੀ ਪਾਰਟੀ ਆਪਣੇ ਉਮੀਦਵਾਰਾਂ ਤੇ ਆਗੂਆਂ ਨੂੰ ਘੱਟ ਸਮੇਂ ‘ਚ ਵੱਖ-ਵੱਖ ਥਾਵਾਂ, ਖ਼ਾਸ ਕਰਕੇ ਦੂਰ-ਦੁਰਾਡੇ ਦੇ ਇਲਾਕੇ ‘ਚ ਪੁੱਜਣ ਲਈ ਹੈਲੀਕਾਪਟਰ ਦੀ ਵਰਤੋਂ ਕਰਦੇ ਹਨ। ਇਸ ਸਬੰਧ ਵਿਚ ਗੇਲੀ ਨੇ ਕਿਹਾ ਕਿ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਤਮਿਲਨਾਡੂ ਤੇ ਆਂਧਰਾ ਪ੍ਰਦੇਸ਼ ਵਰਗੇ ਵੱਡੇ ਸੂਬਿਆਂ ‘ਚ ਹੈਲੀਕਾਪਟਰਾਂ ਦੀ ਵਰਤੋਂ ਵੱਧ ਦੇਖੀ ਜਾ ਰਹੀ ਹੈ।
ਬਿਜ਼ਨੈੱਸ ਏਅਰਕ੍ਰਾਫਟ ਆਪ੍ਰੇਟਰਜ਼ ਐਸੋਸੀਏਸ਼ਨ (ਬੀ.ਏ.ਓ.ਏ.) ਦੇ ਪ੍ਰਬੰਧ ਨਿਰਦੇਸ਼ਕ ਕੈਪਟਨ ਆਰ.ਕੇ. ਬਾਲੀ ਨੇ ਦੱਸਿਆ ਕਿ ਚਾਰਟਰਡ ਜਹਾਜ਼ਾਂ ਦੀ ਮੰਗ ਪਿਛਲੀਆਂ ਆਮ ਚੋਣਾਂ ਦੀ ਤੁਲਨਾ ‘ਚ 30-40 ਫ਼ੀਸਦੀ ਵੱਧ ਹੈ। ਆਮ ਤੌਰ ‘ਤੇ ਸਿੰਗਲ ਇੰਜਣ ਵਾਲੇ ਹੈਲੀਕਾਪਟਰਾਂ ਲਈ ਪ੍ਰਤੀ ਘੰਟਾ ਦਰ ਲਗਭਗ 80,000 ਤੋਂ 90,000 ਰੁਪਏ ਹੈ, ਜਦੋਂਕਿ 2 ਇੰਜਣ ਵਾਲੇ ਹੈਲੀਕਾਪਟਰ ਲਈ ਇਹ ਲਗਭਗ 1.5 ਤੋਂ 1.7 ਲੱਖ ਰੁਪਏ ਹੈ। ਚੋਣਾਂ ਦੇ ਸਮੇਂ, ਇਕ ਇੰਜਣ ਹੈਲੀਕਾਪਟਰ ਲਈ ਦਰ 1.5 ਲੱਖ ਰੁਪਏ ਤੱਕ ਅਤੇ 2 ਇੰਜਣ ਹੈਲੀਕਾਪਟਰ ਲਈ 3.5 ਲੱਖ ਰੁਪਏ ਤੱਕ ਹੁੰਦੀ ਹੈ।