ਚੰਡੀਗੜ੍ਹ, 21 ਮਾਰਚ (ਪੰਜਾਬ ਮੇਲ)- ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਵੱਲ ਨਵੀਂ ‘ਗੁਗਲੀ‘ ਸੁੱਟੀ ਹੈ। ਚੋਣਾਂ ਦੇ ਤਾਰੀਖ਼ਾਂ ਦੇ ਐਲਾਨ ਮਗਰੋਂ ਸਿੱਧੂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਉਹ IPL ਵਿਚ ਕੁਮੈਂਟਰੀ ਕਰਨਗੇ। ਇਸ ਦਾ ਐਲਾਨ ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕਰਦਿਆਂ ਕੀਤਾ। ਦੇਸ਼ ਵਿਚ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਹਨ ਤੇ ਪੰਜਾਬ ਵਿਚ ਚੋਣ ਪ੍ਰਕਿਰਿਆ 7 ਮਈ ਤੋਂ ਸ਼ੁਰੂ ਹੋਵੇਗੀ ਤੇ 1 ਜੂਨ ਨੂੰ ਵੋਟਿੰਗ ਹੋਵੇਗੀ। ਉੱਥੇ ਹੀ ਆਈ.ਪੀ.ਐੱਲ. 2024 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਤੇ 29 ਮਈ ਤਕ ਚੱਲੇਗਾ। ਇਸ ਦੌਰਾਨ 74 ਮੈਚ ਖੇਡੇ ਜਾਣਗੇ, ਜਿਸ ਵਿਚ ਨਵਜੋਤ ਸਿੰਘ ਸਿੱਧੂ ਕੁਮੈਂਟਰੀ ਵਿਚ ਰੁੱਝੇ ਰਹਿਣਗੇ। ਇਸ ਦਾ ਸਿੱਧਾ-ਸਿੱਧਾ ਮਤਲਬ ਹੈ ਕੇ ਉਹ ਨਾ ਤਾਂ ਚੋਣ ਲੜਣਗੇ, ਜੋ ਕਿ ਉਹ ਪਹਿਲਾਂ ਖੁੱਲ੍ਹ ਕੇ ਕਹਿ ਵੀ ਚੁੱਕੇ ਹਨ ਤੇ ਨਾ ਹੀ ਕਾਂਗਰਸ ਦੇ ਚੋਣ ਪ੍ਰਚਾਰ ਵਿਚ ਉਸ ਸਰਗਰਮੀ ਨਾਲ ਹਿੱਸਾ ਲੈ ਸਕਣਗੇ।
ਨਵਜੋਤ ਸਿੰਘ ਸਿੱਧੂ ਇਕ ਆਪਣੇ ਭਾਸ਼ਣਾਂ ਦੇ ਅੰਦਾਜ਼ ਲਈ ਸੁਰਖੀਆਂ ਵਿਚ ਰਹਿੰਦੇ ਹਨ। ਇਹੀ ਕਾਰਨ ਹੈ ਕਿ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਚੋਣਾਂ ਵਿਚ ਆਪਣੇ ਸਟਾਰ-ਪ੍ਰਚਾਰਕਾਂ ਦੀ ਸੂਚੀ ਵਿਚ ਜ਼ਰੂਰ ਸ਼ਾਮਲ ਕਰਦੀਆਂ ਹਨ। ਸਿੱਧੂ 2013 ਤਕ ਭਾਜਪਾ ਦੇ ਸਟਾਰ ਪ੍ਰਚਾਰਕ ਰਹੇ। ਉਸ ਮਗਰੋਂ ਜਦੋਂ ਉਹ ਕਾਂਗਰਸ ਵਿਚ ਆ ਗਏ ਤਾਂ ਇੱਥੇ ਵੀ ਉਨ੍ਹਾਂ ਨੂੰ ਸਟਾਰ ਪ੍ਰਚਾਰਕ ਲਗਾਇਆ ਗਿਆ। ਪਰ ਇਸ ਵਾਰ ਜੇਕਰ ਉਹ ਆਈ.ਪੀ.ਐੱਲ. ਵਿਚ ਰੁੱਝੇ ਰਹੇ ਤਾਂ ਉਹ ਕਾਂਗਰਸ ਦੇ ਚੋਣ ਪ੍ਰਚਾਰ ‘ਚੋਂ ਗਾਇਬ ਵੀ ਰਹਿ ਸਕਦੇ ਹਨ ਜਾਂ ਕਹਿ ਲਈਏ ਕਿ ਉਹ ਉਸ ਸਰਗਰਮੀ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਨਹੀਂ ਆਉਣਗੇ।
ਕਾਂਗਰਸ ਵੱਲੋਂ ਪਟਿਆਲਾ ਤੋਂ ਚੋਣ ਲੜਵਾਉਣ ਦੀ ਸੀ ਤਿਆਰੀ
ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਤੋਂ ਲੋਕ ਸਭਾ ਚੋਣ ਲੜਵਾਉਣਾ ਚਾਹੁੰਦੀ ਸੀ। ਇੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਦੀ ਚਰਚਾ ਹੈ, ਜਿਨ੍ਹਾਂ ਨੇ ਹਾਲ ਹੀ ਵਿਚ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਹੈ। ਕਾਂਗਰਸ ਪਾਰਟੀ ਸਿੱਧੂ ਨੂੰ ਪਰਨੀਤ ਕੌਰ ਦੇ ਖ਼ਿਲਾਫ਼ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕੁਮੈਂਟਰੀ ਵਿਚ ਵਾਪਸੀ ਦੇ ਐਲਾਨ ਤੋਂ ਪਹਿਲਾਂ ਹੀ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਉਹ ਲੋਕ ਸਭਾ ਚੋਣ ਨਹੀਂ ਲੜਣਗੇ।
ਦੋ ਦਹਾਕੇ ਪਹਿਲਾਂ ਰੱਖਿਆ ਸੀ ਸਿਆਸਤ ‘ਚ ਕਦਮ
ਨਵਜੋਤ ਸਿੰਘ ਸਿੱਧੂ ਨੇ ਤਕਰੀਬਨ ਦੋ ਦਹਾਕੇ ਪਹਿਲਾਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਕ੍ਰਿਕਟ ਦੇ ਮੰਨੇ-ਪ੍ਰਮੰਨੇ ਕੁਮੈਂਟਟੇਰ ਸਿਆਸਤ ਵਿਚ ਵੀ ਚੰਗੇ ਬੁਲਾਰੇ ਰਹੇ ਤੇ ਆਪਣੇ ਭਾਸ਼ਣਾਂ ਅਤੇ ਬਿਆਨਾਂ ਕਾਰਨ ਸੁਰਖੀਆਂ ਵਿਚ ਰਹੇ। ਕੁਮੈਂਟਰੀ ਦੇ ਨਾਲ-ਨਾਲ ਉਹ ਟੀ.ਵੀ. ਸ਼ੋਅਜ਼ ਵਿਚ ਵੀ ਕੰਮ ਕਰਦੇ ਰਹੇ ਹਨ। ਹਾਲਾਂਕਿ ਕੈਪਟਨ ਸਰਕਾਰ ਵਿਚ ਮੰਤਰੀ ਬਣਨ ‘ਤੇ ਉਨ੍ਹਾਂ ਨੇ ਇਸ ਸਭ ਤੋਂ ਦੂਰੀ ਬਣਾ ਲਈ ਸੀ। ਇਸ ਤੋਂ ਪਹਿਲਾਂ ਉਹ 1983 ਤੋਂ 1998 ਤਕ ਤਕਰੀਬਨ 15 ਸਾਲ ਤਕ ਕ੍ਰਿਕਟ ਖੇਡਦੇ ਰਹੇ ਹਨ।
ਉਤਾਰ-ਚੜ੍ਹਾਅ ਭਰਿਆ ਰਿਹਾ ਹੈ ਸਿਆਸੀ ਸਫ਼ਰ
ਨਵਜੋਤ ਸਿੰਘ ਸਿੱਧੂ ਦਾ ਸਿਆਸੀ ਸਫ਼ਰ ਉਤਾਰ-ਚੜ੍ਹਾਅ ਭਰਿਆ ਰਿਹਾ ਹੈ। ਸਿੱਧੂ ਨੇ 2004 ਵਿਚ ਭਾਜਪਾ ਨਾਲ ਜੁੜ ਕੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਤੇ ਉਹ 2 ਵਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਵੀ ਰਹੇ। ਇਸ ਤੋਂ ਇਲਾਵਾ ਉਹ ਰਾਜ ਸਭਾ ਦੇ ਮੈਂਬਰ ਵੀ ਚੁਣੇ ਗਏ ਸਨ। 2014 ਵਿਚ ਭਾਜਪਾ ਨੇ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨਿਆ ਜਿਸ ਤੋਂ ਨਵਜੋਤ ਸਿੱਧੂ ਖ਼ਫ਼ਾ ਹੋ ਗਏ ਸਨ। 2016 ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਤੇ ਅਗਲੇ ਸਾਲ ਕੈਪਟਨ ਸਰਕਾਰ ਵਿਚ ਮੰਤਰੀ ਵੀ ਚੁਣੇ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਕਾਫ਼ੀ ਵਖਰੇਵੇਂ ਰਹੇ ਪਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਉਨ੍ਹਾਂ ਦੀ ਹਮਾਇਤ ਵਿਚ ਹੀ ਰਹੇ। 2022 ਵਿਚ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ। ਹਾਲਾਂਕਿ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤੇ 2022 ਵਿਚ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਉਮੀਦਵਾਰ ਨਹੀਂ ਐਲਾਨਿਆ ਗਿਆ।
ਇਨ੍ਹਾਂ ਚੋਣਾਂ ਵਿਚ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਵਿਧਾਨ ਸਭਾ ਚੋਣ ਲੜੇ ਤੇ ਹਾਰ ਗਏ। ਇਸੇ ਸਾਲ 16 ਮਈ ਤੋਂ 1 ਅਪ੍ਰੈਲ 2023 ਤਕ ਉਹ ਇਕ ਪੁਰਾਣੇ ਕੇਸ ਵਿਚ ਸਜ਼ਾ ਹੋਣ ਮਗਰੋਂ ਜੇਲ੍ਹ ਵਿਚ ਵੀ ਰਹੇ। ਕਾਂਗਰਸ ਵੱਲੋਂ ਸਿੱਧੂ ਦੀ ਜਗ੍ਹਾ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਬਣਾ ਦਿੱਤਾ ਗਿਆ ਤੇ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦਾ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਤੇ ਹੋਰ ਵੱਡੇ ਕਾਂਗਰਸੀ ਲੀਡਰਾਂ ਨਾਲ ਰੇੜਕਾ ਚੱਲਦਾ ਰਿਹਾ। ਹੋਰ ਤਾਂ ਹੋਰ ਪਾਰਟੀ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਦੇ ਬਜਾਏ ਉਹ ਆਪਣੇ ਪੱਧਰ ‘ਤੇ ਰੈਲੀਆਂ ਆਦਿ ਕਰਦੇ ਰਹੇ, ਜਿਸ ਦਾ ਪਾਰਟੀ ਲੀਡਰਸ਼ਿਪ ਨੇ ਬਹੁਤ ਵਿਰੋਧ ਵੀ ਕੀਤਾ।