#PUNJAB

ਲੋਕ ਸਭਾ ਚੋਣਾਂ ਤੋਂ ਪਹਿਲਾਂ ਦਲ ਬਦਲੀ ਦਾ ਜ਼ੋਰ!

ਲੁਧਿਆਣਾ, 27 ਮਾਰਚ (ਪੰਜਾਬ ਮੇਲ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਅਤੇ ਸਾਬਕਾ ਐੱਮ.ਪੀ., ਮੰਤਰੀਆਂ, ਵਿਧਾਇਕਾਂ ਜਾਂ ਹੋਰ ਵੱਡੇ ਨੇਤਾਵਾਂ ਵੱਲੋਂ ਪਾਰਟੀਆਂ ਬਦਲਣ ਦੀ ਮੁਹਿੰਮ ਪੂਰੇ ਜ਼ੋਰਾਂ ‘ਤੇ ਹੈ। ਇਸ ਲਿਸਟ ‘ਚ ਲਗਾਤਾਰ 3 ਵਾਰ ਕਾਂਗਰਸ ਦੇ ਐੱਮ.ਵੀ ਰਹੇ ਰਵਨੀਤ ਬਿੱਟੂ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਇਸ ਤੋਂ ਪਹਿਲਾਂ 14 ਮਾਰਚ ਨੂੰ ਪੰਜਾਬ ਦੀ ਇਕ ਹੋਰ ਕਾਂਗਰਸ ਐੱਮ.ਪੀ. ਪਰਨੀਤ ਕੌਰ ਨੇ ਵੀ ਭਾਜਪਾ ਦੀ ਮੈਂਬਰੀ ਲੈ ਲਈ ਸੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਤੋਂ ਬਾਅਦ ਇਹ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਪਤਨੀ ਕਦੋਂ ਅਧਿਕਾਰਤ ਤੌਰ ‘ਤੇ ਭਾਜਪਾ ‘ਚ ਸਾਮਲ ਹੋਵੇਗੀ ਪਰ ਬਿੱਟੂ ਨੇ ਕਿਸੇ ਨੂੰ ਕੰਨੋ-ਕੰਨ ਖ਼ਬਰ ਨਹੀਂ ਹੋਣ ਦਿੱਤੀ, ਜਿਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਕਾਂਗਰਸ ਦੇ ਆਨੰਦਪੁਰ ਸਾਹਿਬ ਦੇ ਐੱਮ.ਪੀ. ਮਨੀਸ਼ ਤਿਵਾੜੀ ‘ਤੇ ਲੱਗ ਗਈਆਂ, ਜਿਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ‘ਚ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਵੱਲੋਂ ਬਿੱਟੂ ਨੂੰ ਆਨੰਦਪੁਰ ਸਾਹਿਬ ਤੋਂ ਅਤੇ ਤਿਵਾੜੀ ਨੂੰ ਵਾਪਸ ਲੁਧਿਆਣਾ ਭੇਜਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਤਿਵਾੜੀ ਸਬੰਧੀ ਇਹ ਵੀ ਚਰਚਾ ਸੁਣਨ ਨੂੰ ਮਿਲ ਰਹੀ ਸੀ ਕਿ ਚੰਡੀਗੜ੍ਹ ਜਾਂ ਲੁਧਿਆਣਾ ਤੋਂ ਚੋਣ ਲੜਨ ਲਈ ਉਹ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ ਪਰ ਹੁਣ ਬਿੱਟੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਲੁਧਿਆਣਾ ਦਾ ਮੁੱਦਾ ਖਤਮ ਹੋ ਗਿਆ ਹੈ ਅਤੇ ਚੰਡੀਗੜ੍ਹ ਦੀ ਸੰਭਾਵਨਾ ਅਜੇ ਵੀ ਬਰਕਰਾਰ ਹੈ, ਜਿਸ ਸਬੰਧੀ ਤਸਵੀਰ ਆਉਣ ਵਾਲੇ ਦਿਨਾਂ ‘ਚ ਭਾਜਪਾ ਅਤੇ ਕਾਂਗਰਸ ਵੱਲੋਂ ਪੰਜਾਬ ਦੇ ਉਮੀਦਵਾਰਾਂ ਦਾ ਐਲਾਨ ਤੋਂ ਬਾਅਦ ਸਾਫ ਹੋ ਸਕਦੀ ਹੈ।
ਬਿੱਟੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੁਣ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਉਮੀਦਵਾਰ ਕੌਣ ਹੋਵੇਗਾ। ਇਨ੍ਹਾਂ ‘ਚੋਂ ਮਨੀਸ਼ ਤਿਵਾੜੀ ਲੁਧਿਆਣਾ ਨਾ ਆਏ ਜਾਂ ਭਾਜਪਾ ‘ਚ ਸ਼ਾਮਲ ਹੋ ਗਏ ਤਾਂ ਕਾਂਗਰਸ ਟਿਕਟ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਸਭ ਤੋਂ ਜ਼ਿਆਦਾ ਚਰਚਾ ‘ਚ ਆ ਗਿਆ ਹੈ, ਜਿਸ ਦਾ ਕਾਰਨ ਆਸ਼ੂ ਦੀਆਂ ਗਾਂਧੀ ਪਰਿਵਾਰ ਨਾਲ ਨਜ਼ਦੀਕੀਆਂ ਨੂੰ ਮੰਨਿਆ ਜਾ ਰਿਹਾ ਹੈ। ਉਹ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਸਮੇਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਨ।
ਬਿੱਟੂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਹੁਣ ਸਿਆਸੀ ਗਲਿਆਰੇ ‘ਚ ਇਕ ਹੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਉਨ੍ਹਾਂ ਦੇ ਭਰਾ ਗੁਰਕੀਰਤ ਕੋਟਲੀ ਦਾ ਅਗਲਾ ਕਦਮ ਕੀ ਹੋਵੇਗਾ। ਉਹ ਬਿੱਟੂ ਤੋਂ ਪਹਿਲਾਂ ਸਿਆਸਤ ‘ਚ ਸਰਗਰਮ ਰਹੇ ਹਨ ਅਤੇ ਖੰਨਾ ਤੋਂ 2 ਵਾਰ ਵਿਧਾਇਕ ਅਤੇ ਮੰਤਰੀ ਰਹੇ ਹਨ। ਹੁਣ ਉਨ੍ਹਾਂ ਨੂੰ ਕਾਂਗਰਸ ਵੱਲੋਂ ਆਲ ਇੰਡੀਆ ਦਾ ਸੈਕਟਰੀ ਬਣਾਇਆ ਗਿਆ ਹੈ।
ਹੁਣ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਬਿੱਟੂ ਨੇ ਭਾਜਪਾ ‘ਚ ਸ਼ਾਮਲ ਹੋਣ ਤੋਂ ਪਹਿਲਾਂ ਗੁਰਕੀਰਤ ਨੂੰ ਭਰੋਸੇ ‘ਚ ਨਹੀਂ ਲਿਆ ਜਾਂ ਫਿਰ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਪਹਿਲਾਂ ਤੋਂ ਸੀ ਕਿਉਂਕਿ ਜਦੋਂ ਬਿੱਟੂ ਦਿੱਲੀ ਵਿਚ ਭਾਜਪਾ ਵਿਚ ਸ਼ਾਮਲ ਹੋ ਰਹੇ ਸਨ ਤਾਂ ਉਹ ਸਮੇਂ ਗੁਰਕੀਰਤ ਲੋਕ ਸਭਾ ਚੋਣਾਂ ਦੇ ਲਈ ਰਣਨੀਤੀ ਬਣਾਉਣ ਲਈ ਚੰਡੀਗੜ੍ਹ ਵਿਚ ਹੋ ਰਹੀ ਪੰਜਾਬ ਕਾਂਗਰਸ ਦੇ ਆਹਲਾ ਨੇਤਾਵਾਂ ਦੀ ਮੀਟਿੰਗ ਵਿਚ ਮੌਜੂਦ ਸਨ।