#PUNJAB

ਲੋਕ ਸਭਾ ਚੋਣਾਂ: ਝਾਰਖੰਡ ਦੇ ਦੋ ਵਿਅਕਤੀ 5 ਕਿੱਲੋ 400 ਗਰਾਮ ਅਫ਼ੀਮ ਸਣੇ Arrest

ਮੁਹਾਲੀ, 30 ਮਾਰਚ (ਪੰਜਾਬ ਮੇਲ)- ਜ਼ਿਲ੍ਹਾ ਸੀ.ਆਈ.ਏ. ਸਟਾਫ਼ ਮੁਹਾਲੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐੱਸ.ਐੱਸ.ਪੀ. ਸੰਦੀਪ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਦੋ ਵਿਅਕਤੀਆਂ ਨੂੰ 5 ਕਿੱਲੋ 400 ਗਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਹਾਲੀ ਦੇ ਡੀ.ਐੱਸ.ਪੀ. (ਡੀ) ਹਰਸਿਮਰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੋਮਿਆ ਸੈਂਡੀ ਵਾਸੀ ਪਿੰਡ ਬਿਰਦਾ ਥਾਣਾ ਟੈਬੋ ਅਤੇ ਸੀਤਾ ਰਾਮ ਬੋਦਰਾ ਵਾਸੀ ਪਿੰਡ ਜਰਾਕੇਲ ਥਾਣਾ ਟੈਬੋ (ਝਾਰਖੰਡ) ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਬਲੌਂਗੀ ਥਾਣੇ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਹਰਸਿਮਰਤ ਸਿੰਘ ਨੇ ਦੱਸਿਆ ਕਿ ਐੱਸ.ਪੀ. (ਡੀ) ਸ਼੍ਰੀਮਤੀ ਜਯੋਤੀ ਯਾਦਵ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਮੁਹਾਲੀ ਦੀ ਜੂਹ ਵਿਚ ਬਲੌਂਗੀ ਬੈਰੀਅਰ ‘ਤੇ ਨਾਕਾਬੰਦੀ ਕਰਕੇ ਵਾਹਨਾਂ ਅਤੇ ਮਸ਼ਕੂਕਾਂ ਦੀ ਜਾਂਚ ਕੀਤੀ ਜਾ ਰਹੀ ਸੀ। ਬਾਅਦ ਦੁਪਹਿਰ ਕਰੀਬ ਤਿੰਨ ਵਜੇ ਸੀ.ਆਈ.ਏ. ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਗੋਮਿਆ ਸੈਂਡੀ ਅਤੇ ਸੋਮਾ ਸੈਂਡੀ ਵੱਡੇ ਪੱਧਰ ‘ਤੇ ਝਾਰਖੰਡ ਤੋਂ ਅਫ਼ੀਮ ਲਿਆ ਕੇ ਮੁਹਾਲੀ ਸਮੇਤ ਪੰਜਾਬ ਭਰ ਵਿਚ ਆਪਣੇ ਪੱਕੇ ਗਾਹਕਾਂ ਨੂੰ ਸਪਲਾਈ ਕਰਦੇ ਹਨ। ਅੱਜ ਵੀ ਇਹ ਵਿਅਕਤੀ ਮੁਹਾਲੀ ਨੇੜੇ ਕਸਬਾ ਬਲੌਂਗੀ ਵਿਚ ਅਫ਼ੀਮ ਸਪਲਾਈ ਕਰਨ ਆ ਰਹੇ ਹਨ। ਇਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਇਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਗੋਮਿਆ ਸੈਂਡੀ ਕੋਲੋਂ 2 ਕਿੱਲੋ 700 ਗਰਾਮ ਅਤੇ ਸੀਤਾ ਰਾਮ ਤੋਂ 2 ਕਿੱਲੋ 700 ਗਰਾਮ ਅਫ਼ੀਮ ਬਰਾਮਦ ਕੀਤੀ ਗਈ, ਜਿਨ੍ਹਾਂ ਨੂੰ ਤੁਰੰਤ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਕੀਤੀ ਗਈ। ਡੀ.ਐੱਸ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਮੁਲਜ਼ਮਾਂ ਨੇ ਮੰਨਿਆਂ ਕਿ ਉਹ ਝਾਰਖੰਡ ਤੋਂ ਸਸਤੇ ਭਾਅ ‘ਤੇ ਅਫ਼ੀਮ ਲਿਆ ਕੇ ਮੁਹਾਲੀ ਸਮੇਤ ਪੰਜਾਬ ਵਿਚ ਆਪਣੇ ਪੱਕੇ ਗਾਹਕਾਂ ਨੂੰ ਮਹਿੰਗੇ ਭਾਅ ‘ਤੇ ਸਪਲਾਈ ਕਰਦੇ ਹਨ ਅਤੇ ਹੁਣ ਤੱਕ ਉਹ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਸਪਲਾਈ ਕਰ ਚੁੱਕੇ ਹਨ।