ਨਵੀਂ ਦਿੱਲੀ, 19 ਅਗਸਤ (ਪੰਜਾਬ ਮੇਲ)- ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਲੇਟਰਲ ਐਂਟਰੀ ਰਾਹੀਂ ਲੋਕ ਸੇਵਕਾਂ ਦੀ ਭਰਤੀ ਕਾਰਨ ਭਾਜਪਾ ‘ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਭਾਜਪਾ ਦਾ ਰਾਮ ਰਾਜ ਦਾ ਵਿਗੜਿਆ ਰੂਪ ਸੰਵਿਧਾਨ ਨੂੰ ਤਬਾਹ ਕਰਨਾ ਚਾਹੁੰਦਾ ਹੈ ਤੇ ਉਹ ਬਹੁਜਨਾਂ ਦਾ ਰਾਖਵਾਂਕਰਨ ਖੋਹਣਾ ਚਾਹੁੰਦੀ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਐਤਵਾਰ ਨੂੰ ਦੋਸ਼ ਲਾਇਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਦੀ ਬਜਾਏ ਰਾਸ਼ਟਰੀ ਸੋਇਮਸੇਵਕ ਸੰਘ (ਆਰ.ਐੱਸ.ਐੱਸ.) ਰਾਹੀਂ ਜਨਤਕ ਸੇਵਕਾਂ ਦੀ ਭਰਤੀ ਕਰਕੇ ਸੰਵਿਧਾਨ ‘ਤੇ ਹਮਲਾ ਕਰ ਰਹੇ ਹਨ। ਕੇਂਦਰ ਸਰਕਾਰ ਨੇ ਲੇਟਰਲ ਐਂਟਰੀ ਰਾਹੀਂ ਵੱਖ-ਵੱਖ ਕੇਂਦਰੀ ਮੰਤਰਾਲਿਆਂ ਵਿਚ ਸੰਯੁਕਤ ਸਕੱਤਰ, ਡਾਇਰੈਕਟਰ ਅਤੇ ਡਿਪਟੀ ਸਕੱਤਰ ਵਰਗੇ ਅਹਿਮ ਅਹੁਦਿਆਂ ‘ਤੇ 45 ਮਾਹਿਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਆਮ ਤੌਰ ‘ਤੇ ਆਲ ਇੰਡੀਆ ਸਰਵਿਸਿਜ਼- ਇੰਡੀਅਨ ਐਡਮਿਨਿਸਟਰੇਟਿਵ ਸਰਵਿਸ (ਆਈ.ਏ.ਐੱਸ.), ਇੰਡੀਅਨ ਪੁਲਿਸ ਸਰਵਿਸ (ਆਈ.ਪੀ.ਐੱਸ.) ਅਤੇ ਇੰਡੀਅਨ ਫਾਰੈਸਟ ਸਰਵਿਸ (ਆਈ.ਐੱਫ.ਓ.ਐੱਸ.) ਅਤੇ ਹੋਰ ‘ਗਰੁੱਪ ਏ’ ਸੇਵਾਵਾਂ ਦੇ ਅਧਿਕਾਰੀ ਅਜਿਹੀਆਂ ਪੋਸਟਾਂ ‘ਤੇ ਤਾਇਨਾਤ ਹੁੰਦੇ ਹਨ।