ਵੈਨਕੂਵਰ, 10 ਜੁਲਾਈ (ਪੰਜਾਬ ਮੇਲ)- ਪੀਲ ਪੁਲੀਸ ਦੀ ਵਿਸ਼ੇਸ਼ ਟੀਮ ਨੇ ਸੋਸ਼ਲ ਮੀਡੀਆ ’ਤੇ ਸਾਂਝ ਬਣਾਉਣ ਤੋਂ ਬਾਅਦ ਸੁੰਨਸਾਨ ਥਾਂ ’ਤੇ ਸੱਦ ਕੇ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਤੇ ਫਿਰੌਤੀ ਮੰਗਣ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਦੋ ਨਾਬਾਲਗ ਵੀ ਸ਼ਾਮਲ ਹਨ। ਗਰੋਹ ਦੇ ਸਰਗਣੇ ਦੀ ਭਾਲ ਜਾਰੀ ਹੈ।
ਵੱਖ ਵੱਖ ਦੋਸ਼ਾਂ ਅਧੀਨ ਹਿਰਾਸਤ ਵਿੱਚ ਲਏ ਮੁਲਜ਼ਮਾਂ ਦੀ ਪਛਾਣ ਹਰਦਿਲ ਸਿੰਘ ਮਹਿਰੋਕ, ਰਿਧਮਪ੍ਰੀਤ ਸਿੰਘ ਤੇ ਅਭਿਜੋਤ ਸਿੰਘ ਵਜੋਂ ਕੀਤੀ ਗਈ ਹੈ, ਜਦ ਕਿ ਗਰੋਹ ਦੇ ਸਰਗਨੇ ਪ੍ਰੀਤਪਾਲ ਕੂਨਰ ਦੀ ਭਾਲ ਕੀਤੀ ਜਾ ਰਹੀ ਹੈ। ਨਾਬਾਲਗਾਂ ਦੀ ਪਛਾਣ ਜਨਤਕ ਕੀਤੇ ਜਾਣ ’ਤੇ ਪਾਬੰਦੀ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਇਹ ਲੋਕ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਪਹਿਲਾਂ ਸੋਸ਼ਲ ਮੀਡੀਆ ’ਤੇ ਸਾਂਝ ਪਾਉਂਦੇ ਸਨ ਤੇ ਮਗਰੋਂ ਉਨ੍ਹਾਂ ਨੂੰ ਸਬਜ਼ਬਾਗ ਵਿਖਾ ਕੇ ਕਿਸੇ ਇਕਾਂਤ ਥਾਂ ’ਤੇ ਸੱਦ ਕੇ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਦੇ ਸਨ। ਅਪਰੈਲ ਤੇ ਮਈ ਮਹੀਨੇ ਦੌਰਾਨ ਇਸ ਗਰੋਹ ਵੱਲੋਂ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਪੁਲੀਸ ਨੇ ਇਨ੍ਹਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਸੀ। ਗਰੋਹ ਦੇ ਸਰਗਨੇ ਦੀ ਭਾਲ ਅਜੇ ਜਾਰੀ ਹੈ। ਪੁਲੀਸ ਨੇ ਗਰੋਹ ਦਾ ਸ਼ਿਕਾਰ ਬਣੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।